ਬੰਧਕ ਬਣਾਏ ਗਏ 39 ਭਾਰਤੀ ਕਾਮਿਆਂ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ : ਇਰਾਕੀ ਪ੍ਰਧਾਨ ਮੰਤਰੀ

ਬਗਦਾਦ, 18 ਸਤੰਬਰ (ਪੰਜਾਬ ਮੇਲ)– ਇਰਾਕੀ ਪ੍ਰਧਾਨ ਮੰਤਰੀ ਹੈਦਰ ਅਲ-ਅਬਦੀ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਵੱਲੋਂ 3 ਸਾਲ ਪਹਿਲਾਂ ਮੋਸੁਲ ਵਿੱਚ ਬੰਧਕ ਬਣਾਏ ਗਏ 39 ਭਾਰਤੀ ਕਾਮਿਆਂ ਦੇ ਸਬੰਧ ’ਚ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪ੍ਰਧਾਨ ਮੰਤਰੀ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਮਾਮਲੇ ਦੀ ਜਾਂਚ ਹੁਣ ਵੀ ਜਾਰੀ ਹੈ। ਮੈਂ ਇਸ ’ਤੇ ਅੱਗੇ ਕੁਝ ਨਹੀਂ ਕਹਿ ਸਕਦਾ। ਦੱਸਣਾ ਬਣਦਾ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਨ੍ਹਾਂ ਦੇ ਵਾਰਸਾਂ ਨੂੰ ਜੁਲਾਈ ਵਿੱਚ ਦੱਸਿਆ ਸੀ ਕਿ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਮੋਸੁਲ ਦੇ ਉੱਤਰ-ਪੱਛਮ ’ਚ ਸਥਿਤ ਬਾਦੁਸ਼ ਖੇਤਰ ਦੀ ਕਿਸੇ ਜੇਲ੍ਹ ਵਿੱਚ ਬੰਦ ਹਨ, ਜਿਸ ਨੂੰ ਇਰਾਕੀ ਫੌਜੀਆਂ ਨੇ ਇਸਲਾਮਿਕ ਸਟੇਟ ਦੇ ਚੰਗੁਲ ’ਚੋਂ ਆਜਾਦ ਕਰਵਾ ਲਿਆ ਹੈ। ਦੱਸ ਦੇਈਏ ਕਿ ਇਹ ਕਾਮੇ ਖਾਸਕਰ ਉੱਤਰ ਭਾਰਤ ’ਚੋਂ ਹਨ, ਜੋ ਇਰਾਕ ਦੀ ਨਿਰਮਾਣ ਕੰਪਨੀ ਵਿੱਚ ਕੰਮ ਕਰ ਰਹੇ ਸਨ। 2014 ਵਿੱਚ ਇਰਾਕ ਦੇ ਉੱਤਰ ਅਤੇ ਪੱਛਮ ਵਿੱਚ ਇਸਲਾਮਿਕ ਸਟੇਟ ਦੇ ਵਿਸਥਾਰ ਤੋਂ ਪਹਿਲਾਂ ਹਜਾਰਾਂ ਭਾਰਤੀ ਉੱਥੇ ਕੰਮ ਲਈ ਗਏ ਸਨ। ਹਾਲਾਂਕਿ ਇਸੇ ਸਾਲ ਜੁਲਾਈ ਮਹੀਨੇ ਵਿੱਚ ਇਰਾਕੀ ਫੌਜ ਨੇ 9 ਮਹੀਨੇ ਚੱਲੀ ਜੰਗ ਤੋਂ ਬਾਅਦ ਫਿਰ ਤੋਂ ਮੇਸੁਲ ’ਤੇ ਕਬਜਾ ਕਰ ਲਿਆ ਸੀ।