ਬ੍ਰਿਟੇਨ ਦੀ ਫਰਟੀਲਿਟੀ ਅਥਾਰਟੀ ਵੱਲੋਂ ਤਿੰਨ ਲੋਕਾਂ ਦੇ ਡੀ.ਐੱਨ.ਏ. ਦੀ ਵਰਤੋਂ ਕਰਕੇ ਬੱਚਿਆਂ ਦੇ ਜਨਮ ਨੂੰ ਮਨਜ਼ੂਰੀ

ਲੰਡਨ, 2 ਫਰਵਰੀ (ਪੰਜਾਬ ਮੇਲ)- ਬ੍ਰਿਟੇਨ ਦੀ ਫਰਟੀਲਿਟੀਅਥਾਰਟੀ ਨੇ ਪੂਰਬੀ ਉੱਤਰੀ ਇੰਗਲੈਂਡ ਨੇੜੇ ਇਕ ਕਲੀਨਿਕ ਨੂੰ ਤਿੰਨ ਲੋਕਾਂ (ਦੋ ਔਰਤਾਂ ਤੇ ਇਕ ਪੁਰਸ਼) ਦੇ ਡੀ.ਐੱਨ.ਏ. ਦੀ ਵਰਤੋਂ ਕਰਕੇ ਬੱਚਿਆਂ ਦੇ ਜਨਮ ਦੀ ਮਨਜ਼ੂਦੀ ਦੇ ਦਿੱਤੀ ਹੈ। ਇਸ ਤਕਨੀਕ ਦੀ ਵਰਤੋਂ ਨਾਲ ਦੋ ਔਰਤਾਂ ਦੀਆਂ ਖਤਰਨਾਕ ਅਨੁਵੰਸ਼ਕ ਬਿਮਾਰੀਆਂ ਨੂੰ ਉਨ੍ਹਾਂ ਦੇ ਬੱਚਿਆਂ ‘ਚ ਜਾਣ ਤੋਂ ਰੋਕਿਆ ਜਾ ਸਕੇਗਾ।
ਬ੍ਰਿਟੇਨ ‘ਚ ਇਹ ਅਜਿਹਾ ਪਹਿਲਾ ਮਾਮਲਾ ਹੈ ਪਰ ਇਸ ਤਕਨੀਕ ਦੀ ਵਰਤੋਂ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ। ਮੈਕਸੀਕੋ ‘ਚ 2016 ‘ਚ ਇਸ ਦੀ ਵਰਤੋਂ ਕਰਕੇ ਇਸ ਬੱਚੇ ਦਾ ਜਨਮ ਹੋ ਚੁੱਕਾ ਹੈ। ਇਸ ਤਰੀਕੇ ‘ਚ ਮਿਟੋਕਾਨਡ੍ਰਿਆ ਨਾਲ ਜੁੜੀ ਬਿਮਾਰੀ ਨੂੰ ਦੂਰ ਕਰ ਦਿੱਤਾ ਜਾਂਦਾ ਹੈ। ਮਿਟੋਕਾਨਡ੍ਰਿਆ ਅਜਿਹੀ ਊਰਜਾ ਉਤਪਾਦਕ ਸੰਰਚਨਾ ਹੁੰਦੀ ਹੈ ਜੋ ਕੋਸ਼ਿਕਾ ਦੇ ਨਿਉਕਲੀਅਸ ਦੇ ਬਾਹਰ ਹੁੰਦੀ ਹੈ। ਖਰਾਬ ਮਿਟੋਕਾਨਡ੍ਰਿਆ ਕਾਰਨ ਮਸਕੁਲਰ ਡਿਸਟ੍ਰਾਫੀ ਤੇ ਮੁੱਖ ਅੰਗਾਂ ਦੇ ਕੰਮ ਨਾ ਕਰਨ ਵਰਗੀ ਪ੍ਰੇਸ਼ਾਨੀ ਹੋ ਸਕਦੀ ਹੈ। ਪਿਛਲੇ ਸਾਲ ਬ੍ਰਿਟੇਨ ਨੇ ਨਿਊਕੈਸਲ ਯੂਨੀਵਰਸਿਟੀ ਨੂੰ ਇਸ ਤਕਨੀਕ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਸੀ।