ਬ੍ਰਿਟੇਨ ‘ਚ ਸਿੱਖ ਡਾਕਟਰ ਵੱਲੋਂ ਪੀ.ਪੀ.ਈ. ਕਿੱਟ ਪਹਿਨਣ ਲਈ ਦਾੜ੍ਹੀ ਕੱਟਣ ਤੋਂ ਇਨਕਾਰ

324
Share

-ਮੋਹਰਲੀ ਕਤਾਰ ਦੀਆਂ ਸੇਵਾਵਾਂ ਤੋਂ ਹਟਾਇਆ
ਲੰਡਨ, 3 ਮਈ (ਪੰਜਾਬ ਮੇਲ)- ਬ੍ਰਿਟੇਨ ‘ਚ ਇੱਕ ਸਿੱਖ ਡਾਕਟਰ ਨੂੰ ਮੋਹਰਲੀ ਕਤਾਰ ਦੀਆਂ ਸੇਵਾਵਾਂ ਤੋਂ ਇਸ ਲਈ ਹਟਾ ਦਿੱਤਾ ਗਿਆ ਹੈ ਕਿ ਉਸਨੇ ਪੀ.ਪੀ.ਈ .ਕਿੱਟਾਂ ਦੀ ਪਹਿਨਣ ਦੇ ਲਈ ਆਪਣੀ ਦਾੜ੍ਹੀ ਸ਼ੇਵ ਕਰਨ ਤੋਂ ਨਾਂਹ ਕਰ ਦਿੱਤੀ ਸੀ। ਡਾ. ਸੁਖਦੇਵ ਸਿੰਘ ਚੇਅਰਮੈਨ ਸਿੱਖ ਡਾਕਟਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਵੁਲਵਰਹੈਂਪਟਨ ਦੇ ਹਸਪਤਾਲ ‘ਚ ਕੰਮ ਕਰਨ ਵਾਲੇ 30 ਸਾਲਾ ਸਿੱਖ ਡਾਕਟਰ ਦਾ ਇੱਕ ਬੜਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਦੋਂ ਉਸ ਨੂੰ ਐੱਫ.ਐੱਫ.ਪੀ. ਤਿੰਨ ਮਾਸਕ ਫਿੱਟ ਨਾ ਆਉਣ ‘ਤੇ ਦਾੜ੍ਹੀ ਸ਼ੇਵ ਕਰਨ ਦੇ ਹੁਕਮ ਦਿੱਤੇ ਗਏ। ਸਿੱਖ ਡਾਕਟਰ ਵੱਲੋਂ ਇਸ ਦਾ ਵਿਰੋਧ ਕਰਨ ‘ਤੇ ਉਸ ਨੂੰ ਵਾਰਡ ‘ਚ ਪਿੱਛੇ ਰਹਿ ਕੇ ਕੰਮ ਕਰਨ ਲਈ ਕਿਹਾ ਗਿਆ। ਕੋਰੋਨਾ ਮਹਾਂਮਾਰੀ ਦੇ ਕਾਰਨ ਸਿਹਤ ਵਿਭਾਗ ਨੇ ਪਹਿਲਾਂ ਵੀ ਡਾਕਟਰਾਂ ਨੂੰ ਚਿਹਰੇ ਦੇ ਵਾਲ ਹਟਾਉਣ ਦੇ ਹੁਕਮ ਦਿੱਤੇ ਸਨ, ਤਾਂ ਕਿ ਮਾਸਕ ਫਿੱਟ ਹੋ ਸਕੇ ਪਰ ਇਨ੍ਹਾਂ ਹੁਕਮਾਂ ਵਿਚ ਵੀ ਧਾਰਮਿਕ ਮਰਿਯਾਦਾ ਵਾਲੇ ਡਾਕਟਰਾਂ ਨੂੰ ਛੋਟ ਦਿੱਤੀ ਗਈ ਸੀ। ਸਿੱਖ ਡਾਕਟਰ ਐਸੋਸੀਏਸ਼ਨ ਦੇ ਚੇਅਰਮੈਨ ਡਾ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਐੱਨ.ਐੱਚ.ਐੱਸ. ਨੂੰ ਦਾੜ੍ਹੀ ਰੱਖਣ ਵਾਲੇ ਸਿੱਖ ਤੇ ਮੁਸਲਮਾਨ ਡਾਕਟਰਾਂ ਲਈ ਲੋੜੀਂਦੀਆਂ ਅਤੇ ਸਹੀ ਪੀ.ਪੀ.ਈ. ਕਿੱਟਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਡਾਕਟਰਾਂ ਨੂੰ ਕੰਮ ਛੱਡਣ ਜਾਂ ਮਾਨਸਿਕ ਤਸੀਹੇ ਨਹੀਂ ਦੇਣੇ ਚਾਹੀਦੇ।


Share