ਬ੍ਰਿਟੇਨ ‘ਚ ਲੜਕੀ ਦੀ ਇੱਜ਼ਤ ਬਚਾਉਣ ਵਾਲੇ ਪੰਜਾਬੀ ਟੈਕਸੀ ਡਰਾਈਵਰ ਨੂੰ ਕੀਤਾ ਗਿਆ ਸਨਮਾਨਤ

ਲੰਡਨ, 30 ਨਵੰਬਰ (ਪੰਜਾਬ ਮੇਲ)- ਬ੍ਰਿਟੇਨ ‘ਚ 13 ਸਾਲ ਦੀ ਇਕ ਲੜਕੀ ਨੂੰ ਬੱਚਿਆਂ ਨੂੰ ਯੌਨ ਸ਼ੋਸ਼ਣ ਦਾ ਸ਼ਿਕਾਰ ਬਣਾਉਣ ਵਾਲੇ ਵਿਅਕਤੀ ਤੋਂ ਬਚਾਉਣ ਵਾਲੇ ਪੰਜਾਬੀ ਟੈਕਸੀ ਡਰਾਈਵਰ ਨੂੰ ਲੋਕ ਹੀਰੋ ਦੱਸ ਰਹੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਸ ਸਾਲ 20 ਫਰਵਰੀ ਨੂੰ ਸਤਬੀਰ ਅਰੋੜਾ ਨਾਂ ਦੇ ਟੈਕਸੀ ਡਰਾਈਵਰ ਦੀ ਟੈਕਸੀ ‘ਚ 13 ਸਾਲਾ ਲੜਕੀ ਬੈਠੀ ਸੀ। ਲੜਕੀ ਨੇ ਆਕਸਫੋਰਡਸ਼ਾਇਰ ਸਥਿਤ ਆਪਣੇ ਘਰ ਤੋਂ ਗਲੂਸੇਸਟਰ ਰੇਲਵੇ ਸਟੇਸ਼ਨ ਜਾਣ ਲਈ ਟੈਕਸੀ ਬੁੱਕ ਕੀਤੀ ਸੀ। ਉਹ ਸਕੂਲ ਦੀ ਡਰੈੱਸ ਵਿਚ ਸੀ।
24 ਸਾਲ ਦਾ ਸੈਮ ਹੇਵਿੰਗਸ ਨਾਬਾਲਗ ਲੜਕੀ ਦੇ ਟੈਕਸੀ ਤੋਂ ਉਤਰਨ ‘ਤੇ ਅਗਵਾ ਕਰਨ ਲਈ ਘਾਤ ਲਾ ਕੇ ਬੈਠਾ ਸੀ। ਉਹ ਆਨਲਾਈਨ ਸਾਈਟਾਂ ‘ਤੇ ਇਕ ਪੀੜਤਾ ਦੇ ਅਗਵਾ, ਉਸ ਨੂੰ ਨਸ਼ੀਲਾ ਪਦਾਰਥ ਖੁਆਉਣ ਅਤੇ ਬਲਾਤਕਾਰ ਕਰਨ ਕਰ ਕੇ ਚਰਚਾ ਵਿਚ ਆ ਚੁੱਕਾ ਸੀ। ਲੜਕੀ ਉਸ ਵਿਅਕਤੀ ਨੂੰ ਮਿਲਣ ਜਾ ਰਹੀ ਸੀ। ਲੜਕੀ ਨੂੰ ਟੈਕਸੀ ਡਰਾਈਵਰ ਨਾਲ ਦੇਖ ਕੇ ਅਪਰਾਧੀ ਉੱਥੇ ਨਹੀਂ ਪਹੁੰਚਿਆ। ਜਦੋਂ ਲੜਕੀ ਨੂੰ ਮਿਲਣ ਲਈ ਕੋਈ ਨਹੀਂ ਆਇਆ ਤਾਂ ਟੈਕਸੀ ਡਰਾਈਵਰ ਸਤਬੀਰ ਨੇ ਉਸ ਤੋਂ ਪੁੱਛਿਆ। ਲੜਕੀ ਨੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ, ਜਿਸ ਤੋਂ ਬਾਅਦ ਸਤਬੀਰ ਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਬੁਲਾਇਆ ਅਤੇ ਲੜਕੀ ਨਾਲ ਗੱਲਬਾਤ ਕਰਨ ਲਈ ਕਿਹਾ। ਸਤਬੀਰ ਨੂੰ ਗੱਲਬਾਤ ਦੌਰਾਨ ਪਤਾ ਲੱਗਾ ਕਿ ਲੜਕੀ ਦੇ ਮਾਤਾ-ਪਿਤਾ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ। ਡਰਾਈਵਰ ਸਤਬੀਰ ਨੇ ਇਹ ਗੱਲ ਪਤਾ ਲੱਗਣ ‘ਤੇ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਲੜਕੀ ਨੂੰ ਇਕ ਅਪਰਾਧੀ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ। ਅਰੋੜਾ ਨੂੰ ਹੁਣ ਲੜਕੀ ਦੀ ਸੁਰੱਖਿਆ ਲਈ ਸਨਮਾਨਤ ਕੀਤਾ ਗਿਆ। ਕੌਂਸਲਰ ਕਿਆਰਨ ਮਲੌਨ ਵਲੋਂ ਸਤਬੀਰ ਨੂੰ ਲੜਕੀ ਦੀ ਸੁਰੱਖਿਆ ਲਈ ਸੁਰੱਖਿਆ ਸਰਟੀਫਿਕੇਟ ਦਿੱਤਾ ਗਿਆ। ਕੌਂਸਲਰ ਕਿਆਰਨ ਨੇ ਕਿਹਾ ਕਿ ਮੈਂ ਸਤਬੀਰ ਦੇ ਪ੍ਰਸ਼ੰਸਾ ਕਰਦਾ ਹੈ, ਜਿਸ ਨੇ ਇਹ ਪਛਾਣ ਕੀਤੀ ਕਿ ਉਸ ਦੀ ਟੈਕਸੀ ‘ਚ ਸਵਾਰ ਯਾਤਰੀ ਗੰਭੀਰ ਖਤਰੇ ਵਿਚ ਸੀ। ਉਸ ਨੇ ਲੜਕੀ ਦੀ ਇੱਜ਼ਤ ਨੂੰ ਬਚਾ ਕੇ ਬਹੁਤ ਵੱਡਾ ਕੰਮ ਕੀਤਾ ਹੈ ਅਤੇ ਸਾਨੂੰ ਉਨ੍ਹਾਂ ‘ਤੇ ਮਾਣ ਹੈ।