ਬ੍ਰਿਟਿਸ਼ ਸੰਸਦ ਹਮਲਾ : ਪੁਲਿਸ ਨੇ ਛਾਪੇਮਾਰੀ ਕਰ 8 ਲੋਕਾਂ ਨੂੰ ਕੀਤਾ ਗਿ੍ਰਫ਼ਤਾਰ

ਲੰਡਨ, 23 ਮਾਰਚ (ਪੰਜਾਬ ਮੇਲ)- ਬਰਤਾਨਵੀ ਸੰਸਦ ਉਤੇ ਅਤਿਵਾਦੀ ਹਮਲੇ ਮਗਰੋਂ ਲੰਡਨ ਤੇ ਬਰਮਿੰਘਮ ਵਿੱਚ ਅਤਿਵਾਦ ਵਿਰੋਧੀ ਅਧਿਕਾਰੀਆਂ ਵੱਲੋਂ ਮਾਰੇ ਛਾਪਿਆਂ ਦੌਰਾਨ ਅੱਜ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਹਮਲੇ ਵਿੱਚ ਹਮਲਾਵਰ ਸਣੇ ਚਾਰ ਜਣੇ ਮਾਰੇ ਗਏ ਅਤੇ 40 ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ ਨੇ ਲਈ ਹੈ। ਜਥੇਬੰਦੀ ਵੱਲੋਂ ਆਪਣੇ ਪ੍ਰਚਾਰ ਲਈ ਬਣਾਈ ਖ਼ਬਰ ਏਜੰਸੀ ‘ਅਮਾਕ’ ਨੇ ਕਿਹਾ ਕਿ ‘‘ਖਲੀਫ਼ਾ ਦੇ ਸਿਪਾਹੀ’ ਨੇ ਬਰਤਾਨਵੀ ਸੰਸਦ ਉਤੇ ਹਮਲੇ ਨੂੰ ਅੰਜ਼ਾਮ ਦਿੱਤਾ।
ਸਕਾਟਲੈਂਡ ਯਾਰਡ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਅਤੇ ਅਤਿਵਾਦ ਵਿਰੋਧੀ ਦਸਤੇ ਦੇ ਮੁਖੀ ਮਾਰਕ ਰਾਓਲੇ ਨੇ ਕਿਹਾ ਕਿ ਜਾਂਚ ਅਹਿਮ ਪੜਾਅ ਵਿੱਚ ਹੈ ਅਤੇ ਹਮਲਾਵਰ ਦੀ ਪਛਾਣ ਖਾਲਿਦ ਮਸੂਦ (52 ਸਾਲ) ਵਜੋਂ ਹੋਈ ਹੈ। ਬੀਤੀ ਰਾਤ ਤੋਂ ਮਿਡਲੈਂਡ ਪੁਲੀਸ ਅਧਿਕਾਰੀਆਂ ਨੇ ਸ਼ਹਿਰ ਦੇ ਇਕ ਫਲੈਟ ਵਿੱਚ ਛਾਪਾ ਮਾਰਿਆ। ਮੰਨਿਆ ਜਾ ਰਿਹਾ ਹੈ ਕਿ ਇਹ ਫਲੈਟ ਹਮਲਾਵਰ ਦਾ ਸੀ। ਇੱਥੋਂ ਕਈ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਹਮਲਾਵਰ ਕਾਰ ਨੂੰ ਤੇਜ਼ੀ ਨਾਲ ਭਜਾ ਕੇ ਲਿਆਇਆ ਅਤੇ ਸੰਸਦ ਦੇ ਗੇਟ ਉਤੇ ਇਕ ਪੁਲੀਸ ਅਫ਼ਸਰ ਨੂੰ ਚਾਕੂ ਮਾਰ ਦਿੱਤਾ। ਇਸ ਮਗਰੋਂ ਸਕਾਟਲੈਂਡ ਯਾਰਡ ਦੇ ਅਫ਼ਸਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪਤਾ ਚੱਲਿਆ ਹੈ ਕਿ ਸ਼ੱਕੀ ਅਤਿਵਾਦੀ ਨੇ ਵੈਸਟਮਿੰਸਟਰ ਬ੍ਰਿਜ ਉਤੇ ਰਾਹਗੀਰਾਂ ਨੂੰ ਕੁਚਲਣ ਲਈ ਜਿਸ 4×4 ਕਾਰ ਦੀ ਵਰਤੋਂ ਕੀਤੀ ਸੀ, ਉਹ ਬਰਮਿੰਘਮ ਦੇ ਸੋਲੀਹਲ ਇਲਾਕੇ ਤੋਂ ਕਿਰਾਏ ’ਤੇ ਲਈ ਗਈ ਸੀ। ਹਮਲੇ ਵਿੱਚ ਪੁਲੀਸ ਅਫ਼ਸਰ ਪੀਸੀ ਕੀਥ ਪਾਲਮਰ ਦੀ ਮੌਤ ਦੇ ਸੋਗ ਵਜੋਂ ਲੰਡਨ ਦੇ ਨਿਊ ਸਕਾਟਲੈਂਡ ਯਾਰਡ ਵਿੱਚ ਝੰਡਾ ਅੱਧਾ ਝੁਕਾਇਆ ਗਿਆ।
ਹਮਲੇ ਦੇ ਮੱਦੇਨਜ਼ਰ ਕੈਨੇਡਾ ਨੇ ਆਪਣੀ ਸੰਸਦ ਦੁਆਲੇ ਸੁਰੱਖਿਆ ਪੁਖ਼ਤਾ ਕਰ ਦਿੱਤੀ। ਸਿੱਖ ਫੈਡਰੇਸ਼ਨ (ਯੂਕੇ) ਨੇ ਹਮਲੇ ਦੀ ਨਿਖੇਧੀ ਕਰਦਿਆਂ ਸਭ ਤਰ੍ਹਾਂ ਦੀ ਹਿੰਸਾ ਤੇ ਅਤਿਵਾਦ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ। ਫੈਡਰੇਸ਼ਨ ਨੇ ਸਿੱਖਾਂ ਨੂੰ ਸ਼ਾਂਤ ਤੇ ਜ਼ਿਆਦਾ ਚੌਕਸ ਰਹਿਣ ਦੀ ਅਪੀਲ ਕੀਤੀ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਡਨ ਅਤਿਵਾਦੀ ਹਮਲੇ ਉਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਭਾਰਤ ਬਰਤਾਨੀਆ ਨਾਲ ਖੜ੍ਹਾ ਹੈ। ਭਾਰਤ ਵਿੱਚ ਬਰਤਾਨੀਆ ਦੇ ਹਾਈ ਕਮਿਸ਼ਨਰ ਡੋਮੀਨਿਕ ਐਸਕੀਥ ਨੇ ਅਤਿਵਾਦ ਦੇ ਖ਼ਤਰੇ ਨਾਲ ਸਿੱਝਣ ਲਈ ਵਡੇਰੇ ਸਹਿਯੋਗ ਦੀ ਵਕਾਲਤ ਕੀਤੀ।
There are no comments at the moment, do you want to add one?
Write a comment