ਬ੍ਰਿਟਿਸ਼ ਪ੍ਰਧਾਨ ਮੰਤਰੀ ‘ਤੇ ਆਪਣੇ ਸਹਿਯੋਗੀ ਨੂੰ ਬਰਖਾਸਤ ਕਰਨ ਦਾ ਦਬਾਅ

44
Share

-ਕੀਤਾ ਸੀ ਲਾਕਡਾਊਨ ਨਿਯਮਾਂ ਦੀ ਉਲੰਘਣਾ
ਲੰਡਨ, 23 ਮਈ (ਪੰਜਾਬ ਮੇਲ)- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ‘ਤੇ ਆਪਣੇ ਸੀਨੀਅਰ ਸਹਿਯੋਗੀ ਨੂੰ ਬਰਖਾਸਤ ਕਰਨ ਦਾ ਦਬਾਅ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ, ਪ੍ਰਧਾਨ ਮੰਤਰੀ ਦੇ ਇਕ ਸਹਿਯੋਗੀ ਨੇ ਕੋਰੋਨਾਵਾਇਰਸ ਕਾਰਨ ਲਾਗੂ ਲਾਕਡਾਊਨ ਨਿਯਮਾਂ ਦਾ ਉਲੰਘਣ ਕੀਤਾ ਸੀ ਅਤੇ ਯਾਤਰਾ ਨਾ ਕਰਨ ਦੇ ਨਿਯਮਾਂ ਤੋਂ ਬਾਅਦ ਵੀ ਆਪਣੇ ਮਾਤਾ-ਪਿਤਾ ਨੂੰ ਮਿਲਣ ਗਏ ਸਨ। ਜਾਨਸਨ ਨੇ ਮੁੱਖ ਰਣਨੀਤੀ ਸਲਾਹਕਾਰ ਡੋਮੀਨਿਕ ਕਮਿੰਗਸ ਵਿਚ ਵੀ ਉਸੇ ਸਮੇਂ ਕੋਰੋਨਾਵਾਇਰਸ ਦੇ ਲੱਛਣ ਸਾਹਮਣੇ ਆਏ ਸਨ ਜਦ ਪ੍ਰਧਾਨ ਮੰਤਰੀ ਦੇ ਇਸ ਘਾਤਕ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਸੀ। ਬ੍ਰਿਟੇਨ ਦੀ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਕਮਿੰਗਸ ਆਪਣੀ ਪਤਨੀ ਦੇ ਨਾਲ ਉਸੇ ਦੌਰਾਨ ਲੰਡਨ ਤੋਂ ਕਰੀਬ 260 ਮੀਲ ਡਰਹਮ ਆਪਣੇ ਮਾਤਾ-ਪਿਤਾ ਦੇ ਘਰ ਗਏ ਸਨ।
ਗਾਰਡੀਅਨ ਅਤੇ ਮੀਰਰ ਅਖਬਾਰਾਂ ਦੀ ਸੰਯੁਕਤ ਜਾਂਚ ਮੁਤਾਬਕ ਕਿਸੇ ਇਕ ਨਾਗਰਿਕ ਨੇ ਕਮਿੰਗਸ ਨੂੰ ਦੇਖਿਆ ਅਤੇ ਡਰਹਮ ਪੁਲਸ ਵਿਚ ਇਸ ਦੀ ਸ਼ਿਕਾਇਤ ਕੀਤੀ। ਡਰਹਮ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਇਕ ਵਿਅਕਤੀ ਦੇ ਲੰਡਨ ਤੋਂ ਡਰਹਮ ਆਉਣ ਦੇ ਬਾਰੇ ਵਿਚ 31 ਮਾਰਚ, ਮੰਗਲਵਾਰ ਨੂੰ ਸਾਡੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ। ਵਿਰੋਧੀ ਦਲਾਂ ਨੇ ਕਮਿੰਗਸ ਦੇ ਇਸ ਕਦਮ ਦੇ ਬਾਰੇ ਵਿਚ ਪ੍ਰਧਾਨ ਮੰਤਰੀ ਦਫਤਰ 10 ਡਾਓਨਿੰਗ ਸਟ੍ਰੀਟ ਤੋਂ ਸਪੱਸ਼ਟੀਕਰਣ ਮੰਗਿਆ ਹੈ। ਲੇਬਰ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਇਹ ਗੱਲ ਸਹੀ ਹੈ ਤਾਂ ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ ਨੇ ਲਾਕਡਾਊਨ ਨਿਯਮਾਂ ਦਾ ਉਲੰਘਣ ਕੀਤਾ ਹੈ। ਸਰਕਾਰ ਦਾ ਸਪੱਸ਼ਟ ਦਿਸ਼ਾ-ਨਿਰਦੇਸ਼ ਸੀ ਕਿ ਲੋਕ ਘਰੇ ਹੀ ਰਹਿਣ ਅਤੇ ਕੋਈ ਗੈਰ-ਜ਼ਰੂਰੀ ਯਾਤਰਾ ਨਾ ਕਰਨ। ਬੁਲਾਰੇ ਨੇ ਕਿਹਾ ਕਿ ਬ੍ਰਿਟੇਨ ਦੇ ਲੋਕਾਂ ਨੂੰ ਇਹ ਉਮੀਦ ਨਹੀਂ ਹੈ ਕਿ ਉਨ੍ਹਾਂ ਦੇ ਲਈ ਅਤੇ ਡੋਮੀਨਿਕ ਕਮਿੰਗਸ ਲਈ ਅਲੱਗ-ਅਲੱਗ ਨਿਯਮ ਹੋਣਗੇ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਨੇਤਾ ਬਲੈਕਫੋਰਡ ਨੇ ਕਿਹਾ ਕਿ ਕਮਿੰਗਸ ਦੇ ਬਾਰੇ ਵਿਚ ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਦੀ ਜ਼ਰੂਰਤ ਹੈ। ਬਲੈਕਫੋਰਡ ਨੇ ਬੀ.ਬੀ.ਸੀ. ਨੂੰ ਕਿਹਾ ਕਿ ਡੋਮੀਨਿਕ ਕਮਿੰਗਸ ਜੇਕਰ ਅਸਤੀਫਾ ਨਹੀਂ ਦਿੰਦੇ ਹਨ, ਤਾਂ ਜਾਨਸਨ ਨੂੰ ਉਨ੍ਹਾਂ ਨੂੰ ਬਰਖਾਸਤ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ।


Share