ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਹੜਤਾਲ ਕਾਰਨ 1500 ਤੋਂ ਵੱਧ ਉਡਾਣਾਂ ਰੱਦ; ਕੰਪਨੀ ਨੂੰ ਹੋਵੇਗਾ 704 ਡਾਲਰ ਦਾ ਨੁਕਸਾਨ

ਲੰਦਨ, 9 ਸਤੰਬਰ (ਪੰਜਾਬ ਮੇਲ)- ਇੰਗਲੈਂਡ ਦੀ ਏਅਰਲਾਈਨਜ਼ ‘ਬ੍ਰਿਟਿਸ਼ ਏਅਰਵੇਜ਼’ ਦੇ ਪਾਇਲਟ ਸੋਮਵਾਰ ਤੇ ਮੰਗਲਵਾਰ ਨੂੰ ਹੜਤਾਲ ’ਤੇ ਹਨ। ਏਅਰਲਾਈਨਜ਼ ਦੇ 100 ਸਾਲਾਂ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਹੜਤਾਲ ਮੰਨੀ ਜਾ ਰਹੀ ਹੈ। ਇਸ ਹੜਤਾਲ ਕਾਰਨ ਕੰਪਨੀ ਨੇ 1,500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ।
‘ਦਿ ਟੈਲੀਗ੍ਰਾਫ਼’ ਮੁਤਾਬਕ ਪਾਇਲਟਾਂ ਦੀ ਹੜਤਾਲ ਕਾਰਨ 2.80 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ ਇਸ ਨਾਲ ਦੋ ਦਿਨਾਂ ਵਿੱਚ ਬ੍ਰਿਟਿਸ਼ ਏਅਰਵੇਜ਼ ਨੂੰ ਕੁੱਲ 704 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।
ਹੜਤਾਲ ਕਾਰਨ ਨਿਊਯਾਰਕ, ਦਿੱਲੀ, ਹਾਂਗਕਾਂਗ ਤੇ ਜੋਹਾਨਸਬਰਗ ਦੀਆਂ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਬਾਰੇ ਕੰਪਨੀ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਜੇ ਤੁਹਾਡੀ ਉਡਾਣ ਰੱਦ ਹੋ ਗਈ ਹੈ, ਤਾਂ ਹਵਾਈ ਅੱਡੇ ਉੱਤੇ ਨਾ ਜਾਣ।
ਬ੍ਰਿਟਿਸ਼ ਏਅਰਲਾਈਨ ਪਾਇਲਟ ਐਸੋਸੀਏਸ਼ਨ ਨੇ 23 ਅਗਸਤ ਨੂੰ ਹੀ ਹੜਤਾਲ ਦਾ ਐਲਾਨ ਕਰ ਦਿੱਤਾ ਸੀ। ਤਨਖ਼ਾਹ ਤੇ ਭੱਤਿਆਂ ਵਿੱਚ ਕਟੌਤੀ ਦੇ ਵਿਵਾਦਾਂ ਤੋਂ ਬਾਅਦ ਪਾਇਲਟਾਂ ਨੇ ਹੜਤਾਲ ਦਾ ਫ਼ੈਸਲਾ ਲਿਆ ਸੀ। ਤਦ ਐਸੋਸੀਏਸ਼ਨ ਨੇ ਕਿਹਾ ਸੀ ਕਿ 9 ਤੇ 10 ਸਤੰਬਰ ਨੂੰ ਪਾਇਲਟ ਹੜਤਾਲ ਉੱਤੇ ਰਹਿਣਗੇ।