ਬੇਕਰਸਫੀਲਡ ‘ਚ ਸਿੱਖ ਹੋਇਆ ਨਸਲੀ ਹਮਲੇ ਦਾ ਸ਼ਿਕਾਰ

ਬੇਕਰਸਫੀਲਡ, 5 ਅਕਤੂਬਰ (ਪੰਜਾਬ ਮੇਲ)- ਬੇਕਰਸਫੀਲਡ ਦੇ ਇਕ ਸਿੱਖ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਇਕ ਵਿਅਕਤੀ ਦੇ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ, ਜਿਸ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧ ਵਿਚ ਪੁਲਿਸ ਨੇ ਨਫ਼ਰਤੀ ਜੁਰਮ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੀੜਤ ਬਲਮੀਤ ਸਿੰਘ ਅਤੇ ਉਸ ਦੇ ਦੋਸਤ ਕੈਲੀਫੋਰਨੀਆ ਐਵੇਨਿਊ ਵਿਚ ਰਾਤ ਦਾ ਖਾਣਾ ਖਾਣ ਗਏ ਸਨ। ਇਸ ਦੌਰਾਨ ਬਲਮੀਤ ਸਿੰਘ ਇਕ ਫੋਨ ਕਾਲ ਸਬੰਧੀ ਰੈਸਟੋਰੈਂਟ ਹੈਬਿਟ ਬਰਗਰ ਗਰਿੱਲ ਤੋਂ ਬਾਹਰ ਗਿਆ, ਤਾਂ ਇਕ ਦਰਮਿਆਨੀ ਉਮਰ ਦਾ ਆਦਮੀ ਆ ਕੇ ਉਸ ਨੂੰ ਗਾਲ੍ਹਾਂ ਕੱਢਣ ਲੱਗਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਬਲਮੀਤ ਸਿੰਘ ਨੇ ਕਿਹਾ, ”ਹਮਲਾਵਰ ਮੈਨੂੰ ਆਖ ਰਿਹਾ ਸੀ ‘ਤੁਸੀਂ ਸਾਡੇ ਮੁਲਕ ਨੂੰ ਉਡਾ ਦੇਣਾ ਚਾਹੁੰਦੇ ਹੋ, ਤੈਨੂੰ ਮਾਰ ਦੇਣਾ ਚਾਹੀਦਾ ਹੈ। ਮੈਂ ਹੁਣੇ ਤੈਨੂੰ ਮਾਰ ਦੇਵਾਂਗਾ।’ ਉਹ ਬਹੁਤ ਗੁੱਸੇ ਵਿਚ ਤੇ ਬਹੁਤ ਮੰਦਾ ਬੋਲ ਰਿਹਾ ਸੀ।”
ਇੰਨਾ ਹੀ ਨਹੀਂ ਹਮਲਾਵਰ ਜੋ ਡਰਿੰਕ ਪੀ ਰਿਹਾ ਸੀ, ਉਹ ਵੀ ਉਸ ਨੇ ਬਲਮੀਤ ਸਿੰਘ ਉਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਪੱਗ, ਚਿਹਰਾ ਤੇ ਕੱਪੜੇ ਭਿੱਜ ਗਏ। ਇਸ ਤੋਂ ਬਾਅਦ ਉਹ ਪਾਰਕਿੰਗ ਵੱਲ ਚਲਾ ਗਿਆ ਤਾਂ ਬਲਮੀਤ ਸਿੰਘ ਨੇ ਉਸ ਦਾ ਪਿੱਛਾ ਕਰ ਕੇ ਉਸ ਦੇ ਵਾਹਨ ਦੇ ਵੇਰਵੇ ਤੇ ਨੰਬਰ ਆਦਿ ਨੋਟ ਕਰ ਲਿਆ। ਇਸ ਸਬੰਧੀ ਬੇਕਰਸਫੀਲਡ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਲਮੀਤ ਸਿੰਘ ਨੇ ਦੱਸਿਆ ਕਿ ਜਦੋਂ ਹਮਲਾਵਰ ਨੇ ਉਸ ਉਪਰ ਸੋਢੇ ਦਾ ਗਿਲਾਸ ਸੁੱਟਿਆ, ਤਾਂ ਉਥੇ ਖੜ੍ਹੇ ਲੋਕਾਂ ਵਿਚੋਂ ਕਿਸੇ ਨੇ ਵੀ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬਲਮੀਤ ਸਿੰਘ ਦਾ ਜਨਮ ਅਮਰੀਕਾ ਦੇ ਓਹਾਇਓ ਸਟੇਟ ਵਿਚ ਹੋਇਆ ਸੀ ਅਤੇ ਬਾਅਦ ਵਿਚ ਇਹ ਬੇਕਰਸਫੀਲਡ ਆ ਗਏ ਸਨ। ਜ਼ਿਕਰਯੋਗ ਹੈ ਕਿ ਬਲਮੀਤ ਸਿੰਘ ਬੇਕਰਸਫੀਲਡ ਦੀ ਜਾਣੀ-ਪਹਿਚਾਣੀ ਸ਼ਖਸੀਅਤ ਡਾ. ਮਨਬੀਰ ਸਿੰਘ ਦੇ ਸਪੁੱਤਰ ਹਨ ਅਤੇ ਇਹ ਪਰਿਵਾਰ ਸਿੱਖੀ ਦੇ ਪ੍ਰਚਾਰ ਲਈ ਅਮਰੀਕਾ ਭਰ ‘ਚ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ। ਹਾਲੇ ਤੱਕ ਬੇਕਰਸਫੀਲਡ ਪੁਲਿਸ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ਤੇ ਉਹ ਬੜੀ ਬਰੀਕੀ ਨਾਲ ਉਥੇ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੇ ਹਨ।
There are no comments at the moment, do you want to add one?
Write a comment