ਬੇਅੰਤ ਸਿੰਘ ਕਤਲ ਮਾਮਲਾ: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਪਟੀਸ਼ਨ ਖਾਰਜ਼

164
Share

ਚੰਡੀਗੜ੍ਹ, 21 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਉਮਰਕੈਦ ਦੀ ਸੱਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਖਾਰਜ਼ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਜਗਤਾਰ ਸਿੰਘ ਹਵਾਰਾ ਨੇ 15 ਸਾਲ ਪੁਰਾਣੇ 2 ਵੱਖ-ਵੱਖ ਕੇਸਾਂ ’ਚ ਜ਼ਮਾਨਤ ਮੰਗੀ ਸੀ। ਹਵਾਰਾ ਨੇ ਤਿਹਾੜ ਜੇਲ੍ਹ ’ਚੋਂ ਪੈਰੋਲ ਲੈਣ ਲਈ ਇਨ੍ਹਾਂ ਮਾਮਲਿਆਂ ’ਚ ਜ਼ਮਾਨਤ ਮੰਗੀ ਸੀ। ਹਵਾਰਾ ਖ਼ਿਲਾਫ਼ 2 ਕੇਸ ਅਜੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਚੱਲ ਰਹੇ ਹਨ, ਜਿਸ ਕਾਰਨ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਗਈ।
ਦੱਸਣਯੋਗ ਹੈ ਕਿ ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਜਗਤਾਰ ਸਿੰਘ ਹਵਾਰਾ ਆਪਣੇ ਹੋਰ ਸਾਥੀਆਂ ਦੇ ਨਾਲ ਗਿ੍ਰਫ਼ਤਾਰ ਹੋ ਗਿਆ ਸੀ ਪਰ ਸਾਲ 2004 ’ਚ ਉਹ ਸਾਥੀਆਂ ਦੇ ਨਾਲ ਬੁੜੈਲ ਜੇਲ੍ਹ ’ਚ ਸੁਰੰਗ ਬਣਾ ਕੇ ਫ਼ਰਾਰ ਹੋ ਗਿਆ।
ਇਸ ਤੋਂ ਬਾਅਦ ਜੂਨ, 2005 ’ਚ ਉਸ ਨੂੰ ਦੁਬਾਰਾ ਗਿ੍ਰਫ਼ਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ’ਤੇ ਭਾਰਤ ਖ਼ਿਲਾਫ਼ ਲੜਾਈ ਦੀ ਤਿਆਰੀ, ਸਾਜ਼ਿਸ਼ ਰਚਣ, ਫ਼ੌਜ ਬਣਾਉਣ ਅਤੇ ਹਥਿਆਰ ਇਕੱਠਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਸਨ। ਇਹ ਕੇਸ ਸੈਕਟਰ-36 ਅਤੇ ਸੈਕਟਰ-17 ਪੁਲਸ ਥਾਣਿਆਂ ’ਚ ਦਰਜ ਹੋਏ ਸਨ।

Share