ਬੇਅਦਬੀ ਮਾਮਲੇ ‘ਚ ਐੱਸ.ਆਈ.ਟੀ. ਵੱਲੋਂ ਡੇਰਾ ਮੁਖੀ ਰਾਮ ਰਹੀਮ ਨਾਮਜ਼ਦ

342
Share

ਫ਼ਰੀਦਕੋਟ, 8 ਜੁਲਾਈ (ਪੰਜਾਬ ਮੇਲ)- ਸਾਲ 2015 ‘ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੇ ਬੇਅਦਬੀ ਮਾਮਲੇ ‘ਚ ਪੰਜਾਬ ਸਰਕਾਰ ਵਲੋਂ ਬਣਾਈ ਐੱਸ.ਆਈ.ਟੀ. ਨੇ ਇਕ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਮਾਮਲੇ ‘ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਹੈ। ਸਿੱਟ ਦੇ ਮੁਖੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਇਸ ਮਾਮਲੇ ਅਧੀਨ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ, ਜਿਸ ‘ਚ ਕੁੱਲ 11 ਵਿਅਕਤੀ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ‘ਚ ਡੇਰਾ ਮੁਖੀ, ਤਿੰਨ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਨਦੀਪ ਬਰੇਟਾ ਤੇ 7 ਪਹਿਲਾਂ ਤੋਂ ਫ਼ੜੇ ਡੇਰਾ ਪ੍ਰੇਮੀ ਸ਼ਾਮਿਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੱਤ ‘ਚੋਂ ਪੰਜ ਡੇਰਾ ਪ੍ਰੇਮੀ ਅਦਾਲਤ ਵਲੋਂ ਨਿਆਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤੇ ਗਏ ਹਨ। ਦੋ ਡੇਰਾ ਪ੍ਰੇਮੀ ਪਹਿਲਾਂ ਤੋਂ ਮਨਜ਼ੂਰ ਜ਼ਮਾਨਤ ‘ਤੇ ਰਿਹਾਅ ਕਰ ਦਿੱਤੇ ਗਏ ਹਨ। ਡੇਰਾ ਮੁਖੀ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੈ ਤੇ ਤਿੰਨਾਂ ਕੌਮੀ ਕਮੇਟੀ ਮੈਂਬਰਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਤੇ ਅਦਾਲਤ ‘ਚ ਵੀ ਇਨ੍ਹਾਂ ਤਿੰਨਾਂ ਦੇ ‘ਪ੍ਰੋਡਕਸ਼ਨ ਵਾਰੰਟ’ ਹਾਸਲ ਕਰਨ ਲਈ ਅਰਜ਼ੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿੱਟ ਵਲੋਂ ਕਾਫ਼ੀ ਗਹਿਰਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ ਤੇ ਪਹਿਲਾਂ ਗ੍ਰਿਫ਼ਤਾਰ ਡੇਰਾ ਪ੍ਰੇਮੀਆਂ ਤੋਂ ਪੁੱਛਗਿੱਛ ਕਰਕੇ ਸਾਰੇ ਮਾਮਲੇ ਬਾਰੇ ਠੋਸ ਜਾਣਕਾਰੀ ਇਕੱਠੀ ਕੀਤੀ ਹੈ। ਨਾਮਜ਼ਦ ਦੋਸ਼ੀਆਂ ਦੀ ਕਰਾਸ ਜਾਂਚ, ਕਰਾਸ ਸ਼ਨਾਖਤ ਮਾਮਲੇ ਨਾਲ ਸਬੰਧਿਤ ਵੱਖ-ਵੱਖ ਥਾਵਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਦੀ ਘਟਨਾ 1 ਜੂਨ 2015 ਨੂੰ ਵਾਪਰੀ ਸੀ, ਜਿਸ ਤੋਂ ਬਾਅਦ ਚੋਰੀ ਕੀਤੇ ਗਏ ਸਰੂਪ ਨੂੰ ਇਕ ਗੱਡੀ ‘ਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਿੱਖਾਂਵਾਲਾ ਵਿਖੇ ਇਕ ਘਰ ‘ਚ ਲਿਜਾਇਆ ਗਿਆ ਸੀ। ਪਵਿੱਤਰ ਸਰੂਪ ਨੂੰ ਸਾਢੇ ਤਿੰਨ ਤੋਂ ਚਾਰ ਮਹੀਨੇ ਇਸ ਘਰ ‘ਚ ਹੀ ਰੱਖਿਆ ਗਿਆ ਸੀ। ਇਸ ਤੋਂ ਬਾਅਦ ਸਰੂਪ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵਲੋਂ ਇਸ ਘਰ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਤੇ ਮਾਮਲੇ ‘ਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਸਿੱਟ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਘਟਨਾ ਨੂੰ ਅੰਜਾਮ ਦੇਣ ਲਈ ਸਾਜਿਸ਼ ਡੇਰਾ ਮੁਖੀ ਤੇ ਡੇਰੇ ਦੇ ਕੌਮੀ ਕਮੇਟੀ ਮੈਂਬਰਾਂ ਦੀ ਸਹਿਮਤੀ ਤੇ ਮਿਲੀਭੁਗਤ ਨਾਲ ਰਚੀ ਗਈ ਸੀ। ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਸਾਰੀ ਸਾਜ਼ਿਸ ਰਚਣ ਅਤੇ ਘਟਨਾ ਨੂੰ ਅੰਜਾਮ ਦੇਣ ਦੀ ਮੁੱਖ ਵਜ੍ਹਾ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਦਾ ਇਕ ਸਮਾਗਮ ਸੀ, ਜਿਸ ‘ਚ ਕੁਝ ਡੇਰਾ ਪ੍ਰੇਮੀਆਂ ਵਲੋਂ ਗੁਰਮੀਤ ਰਾਮ ਰਹੀਮ ਦੀ ਤਸਵੀਰ ਵਾਲੇ ਲੌਕਟਾਂ ਨੂੰ ਤੋੜ ਕੇ ਗਲ ‘ਚੋਂ ਉਤਾਰਦਿਆਂ ਡੇਰੇ ਨਾਲ ਆਪਣਾ ਨਾਤਾ ਤੋੜ ਦਿੱਤਾ ਸੀ। ਡੇਰਾ ਕਮੇਟੀ ਤੇ ਡੇਰਾ ਪ੍ਰੇਮੀਆਂ ਵਲੋਂ ਇਸ ਨੂੰ ਆਪਣੇ ਗੁਰੂ ਦੀ ਬੇਅਦਬੀ ਮੰਨਦਿਆਂ ਇਹ ਸਾਰੀ ਸਾਜਿਸ ਰਚੀ ਗਈ ਸੀ। ਡੇਰਾ ਮੁਖੀ ਤੋਂ ਪੁੱਛਗਿੱਛ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਸਬੰਧੀ ਪੱਤਰਕਾਰਾਂ ਨਾਲ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੋੜੀਂਦੀ ਕਾਰਵਾਈ ਅਮਲ ‘ਚ ਲਿਆਉਣਗੇ। ਡੇਰਾ ਮੁਖੀ ਦੀ ਨਾਮਜ਼ਦਗੀ ਨਾਲ ਜਿਥੇ ਇਹ ਮਾਮਲਾ ਕੁਝ ਸੁਲਝਿਆ ਹੈ, ਉਥੇ ਡੇਰਾ ਮੁਖੀ ਤੇ ਕਮੇਟੀ ਮੈਂਬਰਾਂ ਦੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਨਾਲ ਸਬੰਧਿਤ ਹੋਰ ਮਾਮਲਿਆਂ ‘ਚ ਵੀ ਨਵੀਂਆਂ ਪਰਤਾਂ ਖੁੱਲ ਸਕਦੀਆਂ ਹਨ।


Share