ਬੇਅਦਬੀ ਕਾਂਡ : ਡੇਰਾ ਪ੍ਰੇਮੀਆਂ ਦੀ ਸੁਣਵਾਈ 3 ਅਗਸਤ ਤੱਕ ਟਲੀ

466
Share

ਫਰੀਦਕੋਟ, 22 ਜੁਲਾਈ (ਪੰਜਾਬ ਮੇਲ)- ਜੂਨ 2015 ‘ਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ, ਜਿਸ ‘ਤੇ ਅਦਾਲਤ ਨੇ ਉਨ੍ਹਾਂ ਨੂੰ 20 ਜੁਲਾਈ ਤੱਕ ਜੁਡੀਸ਼ੀਅਲ ਹਿਰਾਸਤ ‘ਚ ਰੱਖਣ ਦਾ ਹੁਕਮ ਦਿੱਤਾ ਸੀ, ਜਦਕਿ ਦੋ ਡੇਰਾ ਪ੍ਰ੍ਰੇਮੀ ਸੁਖਜਿੰਦਰ ਸਿੰਘ ਸੰਨੀ ਅਤੇ ਸ਼ਕਤੀ ਸਿੰਘ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਗਿਆ ਸੀ, ਕਿਉਂਕਿ ਇਨ੍ਹਾਂ ਨੂੰ ਸੀ.ਬੀ.ਆਈ. ਮੋਹਾਲੀ ਦੀ ਅਦਾਲਤ ਨੇ 7 ਸਤੰਬਰ 2018 ਨੂੰ ਇਨ੍ਹਾਂ ਦੋਵਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ ਅਤੇ ਬਾਕੀ ਦੇ ਗ੍ਰਿਫਤਾਰ ਡੇਰਾ ਪ੍ਰੇਮੀ ਰਣਦੀਪ ਸਿੰਘ ਉਰਫ ਨੀਲਾ, ਰਣਜੀਤ ਸਿੰਘ ਉਰਫ ਭੋਲਾ, ਬਲਜੀਤ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਪੇਸ਼ ਕੀਤਾ ਗਿਆ।
ਅਦਾਲਤ ਨੇ ਇਨ੍ਹਾਂ ਦੇ 3 ਅਗਸਤ ਲਈ ਪ੍ਰੋਡਕਸ਼ਨ ਵਰੰਟ ਜਾਰੀ ਕਰ ਦਿੱਤੇ ਹਨ। ਉਧਰ ਜਾਂਚ ਟੀਮ ਵੱਲੋਂ ਬੇਅਦਬੀ ਕਾਂਡ ਵਿਚ ਡੇਰਾ ਪ੍ਰੇਮੀਆਂ ਖਿਲਾਫ ਅਦਾਲਤ ‘ਚ ਦਿੱਤੀ ਚਾਰਜਸ਼ੀਟ ਵਿਵਾਦਾਂ ‘ਚ ਘਿਰ ਗਈ ਹੈ। ਸੀ.ਬੀ.ਆਈ. ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰ੍ਰੇਮੀਆਂ ਨੇ ਇੱਥੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ‘ਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਜਾਂਚ ਟੀਮ ਵਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ‘ਤੇ ਸਮੁੱਚੀ ਪੜਤਾਲ ਗੈਰ-ਕਾਨੂੰਨੀ ਹੈ। ਇਸ ਲਈ ਜਾਂਚ ਟੀਮ ਵਲੋਂ ਪੇਸ਼ ਕੀਤਾ ਚਲਾਨ ਵਾਪਸ ਕੀਤਾ ਜਾਵੇ, ਜਿਸ ‘ਤੇ ਜਾਂਚ ਟੀਮ ਵਲੋਂ ਉਸ ਅਰਜ਼ੀ ਦਾ ਜਵਾਬ ਅਦਾਲਤ ‘ਚ ਪੇਸ਼ ਕਰ ਦਿੱਤਾ ਹੈ ਅਤੇ ਉਸ ਦੀ ਸੁਣਵਾਈ ਵੀ 3 ਅਗਸਤ ਤੱਕ ਟਲ ਗਈ ਹੈ।


Share