ਬਿ੍ਰਟੇਨ ’ਚ ਰਹਿਣ ਲਈ ਵਿਜੇ ਮਾਲਿਆ ਲੱਭ ਰਿਹੈ ਇਕ ਹੋਰ ਰਸਤਾ: ਯੂ.ਕੇ. ਦੀ ਗ੍ਰਹਿ ਮੰਤਰੀ ਸਾਹਮਣੇ ਨਵੀਂ ਅਰਜ਼ੀ ਕੀਤੀ ਦਾਖਲ

117
Share

ਲੰਡਨ, 23 ਜਨਵਰੀ (ਪੰਜਾਬ ਮੇਲ)- ਭਾਰਤੀ ਬੈਂਕਾਂ ਦੇ ਅਰਬਾਂ ਰੁਪਏ ਲੈ ਕੇ ਭੱਜਣ ਵਾਲਾ ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਸਰਕਾਰ ਤੋਂ ਬਚਣ ਲਈ ਲਗਾਤਾਰ ਨਵੇਂ ਰਾਹ ਲੱਭ ਰਿਹਾ ਹੈ। ਮਾਲਿਆ ਨੇ ਬਿ੍ਰਟੇਨ ਵਿਚ ਰਹਿਣ ਲਈ ਇਕ ਹੋਰ ਚਾਲ ਖੇਡੀ ਹੈ। ਮਾਲਿਆ ਨੇ ਬਿ੍ਰਟੇਨ ਵਿਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਸਾਹਮਣੇ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਮਾਲਿਆ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਬਿ੍ਰਟੇਨ ਦੀ ਸੁਪਰੀਮ ਕੋਰਟ ਨੇ ਪਿਛਲੇ ਸਾਲ ਅਕਤੂਬਰ ਵਿਚ ਸਿਰਫ ਮਾਲਿਆ ਨੂੰ ਭਾਰਤ ਸਰਕਾਰ ਹਵਾਲੇ ਕਰਨ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।
ਵਿਜੇ ਮਾਲਿਆ ਫਿਲਹਾਲ ਜ਼ਮਾਨਤ ’ਤੇ ਉਸ ਸਮੇਂ ਤੱਕ ਰਿਹਾਅ ਹੈ, ਜਦੋਂ ਤੱਕ ਪਟੇਲ ਉਸ ਨੂੰ ਭਾਰਤ ਹਵਾਲਗੀ ਕਰਨ ਦੇ ਹੁਕਮ ’ਤੇ ਦਸਤਖਤ ਨਹੀਂ ਕਰਦੇ। ਇਸ ਸੰਬੰਧ ਵਿਚ ਯੂ.ਕੇ. ਦੇ ਗ੍ਰਹਿ ਮੰਤਰਾਲੇ ਨੇ ਸਿਰਫ ਇਸ ਦੀ ਪੁਸ਼ਟੀ ਕੀਤੀ ਹੈ ਕਿ ਹਵਾਲਗੀ ਦੇ ਹੁਕਮ ਲਾਗੂ ਹੋਣ ਤੋਂ ਪਹਿਲਾਂ ਕੁਝ ਗੁਪਤ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਇਸ ਨਾਲ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਮਾਲਿਆ ਨੇ ਬਿ੍ਰਟੇਨ ’ਚ ਪਨਾਹ ਮੰਗੀ ਸੀ। ਹਾਲਾਂਕਿ, ਯੂ.ਕੇ. ਦੇ ਗ੍ਰਹਿ ਮੰਤਰਾਲੇ ਨੇ ਇਸ ਦੀ ਨਾ ਹੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ।
ਅਦਾਲਤ ’ਚ ਇਨਸੋਲਵੈਂਸੀ ਐਂਡ ਕੰਪਨੀਆਂ ਦੇ ਜੱਜ ਨਾਈਜਲ ਬਾਰਨੇਟ ਨੇ ਮਾਲਿਆ ਦੇ ਵਕੀਲ ਫਿਲਿਪ ਮਾਰਸ਼ਲ ਨੂੰ ਹਵਾਲਗੀ ਬਾਰੇ ਕਈ ਸਵਾਲ ਪੁੱਛੇ। ਇਸ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਮਾਲਿਆ ਬਿ੍ਰਟੇਨ ਵਿਚ ਰਹਿਣ ਲਈ ਇਕ ਹੋਰ ਰਸਤਾ ਲੱਭ ਰਿਹਾ ਹੈ। ਇਸ ਦੇ ਲਈ ਉਸਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਸਾਹਮਣੇ ਨਵੀਂ ਅਰਜ਼ੀ ਦਾਖਲ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਮਾਲਿਆ ਲਈ ਬਿ੍ਰਟੇਨ ਵਿਚ ਪਨਾਹ ਲੈਣ ਦਾ ਇਹ ਇਕ ਹੋਰ ਤਰੀਕਾ ਹੋ ਸਕਦਾ ਹੈ। ਕਾਨੂੰਨੀ ਮਾਹਰਾਂ ਦੇ ਅਨੁਸਾਰ, ਉਸਨੂੰ ਸ਼ਰਣ ਮਿਲੇਗੀ ਜਾਂ ਨਹੀਂ, ਇਹ ਗੱਲ ’ਤੇ ਨਿਰਭਰ ਕਰੇਗਾ ਕਿ ਮਾਲਿਆ ਨੇ ਹਵਾਲਗੀ ਦੀ ਬੇਨਤੀ ਤੋਂ ਪਹਿਲਾਂ ਸ਼ਰਣ ਲਈ ਅਰਜ਼ੀ ਦਿੱਤੀ ਸੀ ਜਾਂ ਨਹੀਂ।
ਦੱਸ ਦੇਈਏ ਕਿ ਪਿਛਲੇ ਹਫਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਵਿਜੇ ਮਾਲਿਆ ਨੂੰ ਬਿ੍ਰਟੇਨ ਤੋਂ ਭਾਰਤ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ, ਪਰ ਕੁਝ ਨੁਕਤਿਆਂ ’ਤੇ ਚੱਲ ਰਹੀ ਕਾਨੂੰਨੀ ਕਾਰਵਾਈ ਕਾਰਨ ਇਸ ਵਿਚ ਦੇਰੀ ਹੋ ਰਹੀ ਹੈ। ਸਰਕਾਰ ਨੇ ਅਦਾਲਤ ਨੂੰ ਕਿਹਾ ਸੀ ਕਿ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਉਦੋਂ ਤੱਕ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਬਿ੍ਰਟੇਨ ਵਿਚ ਵੱਖਰੀ ‘ਗੁਪਤ’ ਕਾਨੂੰਨੀ ਪ੍ਰਕਿਰਿਆ ਦਾ ਹੱਲ ਨਹੀਂ ਹੋ ਜਾਂਦਾ। ਜ਼ਿਕਰਯੋਗ ਹੈ ਕਿ ਵਿਜੇ ਮਾਲਿਆ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਅਤੇ ਬੰਦ ਏਅਰਲਾਈਨਾਂ ਤੇ 9 ਭਾਰਤੀ ਬੈਂਕਾਂ ਦੇ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦੀ ਅਦਾਇਗੀ ਨਾ ਕਰਨ ਦਾ ਦੋਸ਼ੀ ਹੈ।

Share