ਬਿਹਾਰ ਵਿਧਾਨ ਸਭਾ ਚੋਣਾਂ ਵਿਚ ਤੀਜੇ ਤੇ ਆਖ਼ਰੀ ਗੇੜ ‘ਚ ਪਈਆਂ 57 ਫ਼ੀਸਦੀ ਤੋਂ ਵੱਧ ਵੋਟਾਂ

220
Share

ਪੁਰਨੀਆ ਜ਼ਿਲ੍ਹੇ ਵਿਚ ਆਰ.ਜੇ.ਡੀ. ਉਮੀਦਵਾਰ ਦੇ ਭਰਾ ਦੀ ਹੱਤਿਆ; ਇਕ ਆਜ਼ਾਦ ਉਮੀਦਵਾਰ ਦੀ ਕਰੋਨਾ ਨਾਲ ਮੌਤ
ਨਵੀਂ ਦਿੱਲੀ, 7 ਨਵੰਬਰ (ਪੰਜਾਬ ਮੇਲ)- ਬਿਹਾਰ ਵਿਧਾਨ ਸਭਾ ਲਈ ਤੀਜੇ ਗੇੜ ਦੀਆਂ ਚੋਣਾਂ ਵਿਚ 57.58 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਬਿਹਾਰ ਦੇ ਇੰਚਾਰਜ ਤੇ ਡਿਪਟੀ ਚੋਣ ਕਮਿਸ਼ਨਰ ਚੰਦਰ ਭੂਸ਼ਣ ਕੁਮਾਰ ਨੇ ਦੱਸਿਆ ਕਿ ਵੋਟ ਪ੍ਰਤੀਸ਼ਤ 57.58 ਰਹੀ ਹੈ। ਤੀਜੇ ਗੇੜ ‘ਚ 78 ਹਲਕਿਆਂ ਲਈ ਚੋਣਾਂ ਪਈਆਂ ਹਨ। ਕਰੀਬ 2.35 ਕਰੋੜ ਵੋਟਰ 1204 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ। ਵੋਟਾਂ ਸਵੇਰੇ ਸੱਤ ਵਜੇ ਪੈਣੀਆਂ ਸ਼ੁਰੂ ਹੋਈਆਂ ਸਨ। 33,782 ਪੋਲਿੰਗ ਬੂਥਾਂ ਉਤੇ ਈ.ਵੀ.ਐੱਮ. ਤੇ ਵੀ.ਵੀ.ਪੈਟ ਮਸ਼ੀਨਾਂ ਲਾਈਆਂ ਗਈਆਂ ਸਨ। ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਕੀਤੀ ਗਈ ਸੀ। ਇਸੇ ਦੌਰਾਨ ਪੁਰਨੀਆ ਜ਼ਿਲ੍ਹੇ ‘ਚ ਦਮਦਾਹਾ ਹਲਕੇ ਤੋਂ ਆਰਜੇਡੀ ਉਮੀਦਵਾਰ ਬਿੱਟੂ ਸਿੰਘ ਦੇ ਭਰਾ ਦੀ ਅਣਪਛਾਤੇ ਹਮਲਾਵਰਾਂ ਨੇ ਅੱਜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਬੇਨੀ ਸਿੰਘ ਦੀ ਜਦ ਹੱਤਿਆ ਕੀਤੀ ਗਈ ਤਾਂ ਉਹ ਬੂਥਾਂ ਦਾ ਦੌਰਾ ਕਰ ਰਿਹਾ ਸੀ। ਇਕ ਪਿੰਡ ਵਿਚ ਜਦ ਉਹ ਬੂਥ ਤੋਂ ਬਾਹਰ ਆਇਆ ਤਾਂ ਤਿੰਨ-ਚਾਰ ਹਮਲਾਵਰਾਂ ਨੇ ਉਸ ਦੇ ਗੋਲੀਆਂ ਮਾਰ ਦਿੱਤੀਆਂ। ਅਧਿਕਾਰੀਆਂ ਮੁਤਾਬਕ ਬਿੱਟੂ ਸਿੰਘ ਤੇ ਉਸ ਦੇ ਭਰਾ ਦਾ ਅਪਰਾਧਕ ਰਿਕਾਰਡ ਹੈ। ਇਸ ਘਟਨਾ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਆਗੂ ਮਨੋਜ ਝਾਅ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ‘ਰਾਖ਼ਸ਼ ਰਾਜ’ ਬਿਹਾਰ ‘ਚ ਸਪੱਸ਼ਟ ਨਜ਼ਰ ਆ ਰਿਹਾ ਹੈ। ਬਾਗ਼ੀ ਜੇ.ਡੀ. (ਯੂ) ਆਗੂ ਸੰਜੈ ਝਾਅ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਸੀ, ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਉਹ ਬੇਨੀਪੱਤੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਸੀ। ਜੇ.ਡੀ. (ਯੂ) ਨੇ ਉਸ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਜੋਕੀਘਾਟ ਹਲਕੇ ਤੋਂ ਆਰ.ਜੇ.ਡੀ. ਉਮੀਦਵਾਰ ਸਰਫ਼ਰਾਜ਼ ਆਲਮ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਹੈ। ਉਹ ਆਪਣੇ ਭਰਾ ਖ਼ਿਲਾਫ਼ ਹੀ ਚੋਣ ਲੜ ਰਿਹਾ ਹੈ ਜੋ ਕਿ ਏ.ਆਈ.ਐੱਮ.ਆਈ.ਐੱਮ. ਦਾ ਉਮੀਦਵਾਰ ਹੈ।


Share