ਕਨੌਜ, 19 ਜੁਲਾਈ (ਪੰਜਾਬ ਮੇਲ)- ਯੂਪੀ ਦੇ ਕਨੌਜ ਸ਼ਹਿਰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 18 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਵਾਪਰਿਆ। ਬੱਸ ਵਿੱਚ ਲਗਭਗ 40 ਤੋਂ 50 ਲੋਕ ਸਵਾਰ ਸਨ। ਜ਼ਖਮੀਆਂ ਨੂੰ ਕਨੌਜ ਦੇ ਮੈਡੀਕਲ ਕਾਲਜ ਅਤੇ ਇਟਾਵਾ ਦੇ ਸੈਫ਼ਈ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਬੱਸ ਕਾਮਿਆਂ ਨੂੰ ਲੈ ਕੇ ਬਿਹਾਰ ਤੋਂ ਦਿੱਲੀ ਜਾ ਰਹੀ ਸੀ।
ਦੱਸ ਦੇਈਏ ਕਿ ਪ੍ਰਵਾਸੀ ਕਿਰਤੀਆਂ ਨੂੰ ਲੈ ਕੇ ਬਿਹਾਰ ਦੇ ਮਧੁਬਨੀ ਤੋਂ ਇੱਕ ਸਲੀਪਰ ਬੱਸ ਦਿੱਲੀ ਜਾ ਰਹੀ ਸੀ। ਜਦੋਂ ਇਹ ਬੱਸ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਪੁੱਜੀ ਤਾਂ ਇਹ ਬੱਸ ਕਨੌਜ ਸ਼ਹਿਰ ਵਿੱਚ ਸੜਕ ਕੰਢੇ ਖੜ•ੀ ਇੱਕ ਲਗਜ਼ਰੀ ਕਾਰ ਨਾਲ ਟਕਰਾ ਗਈ। ਹਾਦਸੇ ਮਗਰੋਂ ਬੱਸ ਵਿੱਚ ਸਵਾਰ ਲੋਕਾਂ ‘ਚ ਚੀਕ-ਚਿਹਾੜਾ ਪੈ ਗਿਆ। ਹਾਦਸੇ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਦੇ ਵੱਡੀ ਗਿਣਤੀ ਲੋਕ ਮੌਕੇ ‘ਤੇ ਪਹੁੰਚ ਗਏ। ਕਨੌਜ ਦੇ ਸੌਰਿਖ ਥਾਣੇ ਦੀ ਪੁਲਿਸ ਅਤੇ ਐਕਸਪ੍ਰੈਸ ਵੇਅ ਦੀ ਪੈਟਰੋਲਿੰਗ ਟੀਮ ਵੀ ਪਹੁੰਚ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 18 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਕਨੌਜ ਦੇ ਮੈਡੀਕਲ ਕਾਲਜ ਅਤੇ ਇਟਾਵਾ ਦੇ ਸੈਫ਼ਈ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।