ਬਿਹਾਰ ਚੋਣਾਂ: ਜਿੱਤਣ ਵਾਲੇ 68 ਫ਼ੀਸਦੀ ਵਿਧਾਇਕ ‘ਦਾਗ਼ੀ’

211
Share

ਪਟਨਾ, 12 ਨਵੰਬਰ (ਪੰਜਾਬ ਮੇਲ)- ਬਿਹਾਰ ਵਿਧਾਨ ਸਭਾ ਚੋਣਾਂ ‘ਚ ਜਿੱਤੇ 241 ‘ਚੋਂ 163 (68 ਫ਼ੀਸਦੀ) ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ਵਿਧਾਇਕਾਂ ਨੇ ਚੋਣ ਹਲਫ਼ਨਾਮਿਆਂ ‘ਚ ਇਹ ਜਾਣਕਾਰੀ ਦਿੱਤੀ ਹੈ। ਬਿਹਾਰ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਮੁਤਾਬਕ ਆਰ.ਜੇ.ਡੀ. ਦੇ ਸਭ ਤੋਂ ਜ਼ਿਆਦਾ ਕਰੀਬ 73 ਫ਼ੀਸਦੀ ਵਿਧਾਇਕ ਕੇਸਾਂ ‘ਚ ਫਸੇ ਹੋਏ ਹਨ। ਹਲਫ਼ਨਾਮਿਆਂ ਦੇ ਅਧਿਐਨ ਮੁਤਾਬਕ 123 ਵਿਧਾਇਕਾਂ ਖ਼ਿਲਾਫ਼ ਹੱਤਿਆ, ਹੱਤਿਆ ਦੀ ਕੋਸ਼ਿਸ਼, ਅਗਵਾ ਅਤੇ ਮਹਿਲਾਵਾਂ ਖ਼ਿਲਾਫ਼ ਜੁਰਮਾਂ ਸਮੇਤ ਕਈ ਹੋਰ ਗੰਭੀਰ ਕੇਸ ਬਕਾਇਆ ਹਨ। 2015 ਦੀਆਂ ਵਿਧਾਨ ਸਭਾ ਚੋਣਾਂ ‘ਚ ਗੰਭੀਰ ਕੇਸਾਂ ਵਾਲੇ 142 ਵਿਧਾਇਕ ਚੋਣ ਜਿੱਤੇ ਸਨ। ਚੋਣ ਜਿੱਤੇ 123 ਵਿਧਾਇਕਾਂ ‘ਚੋਂ 19 ਖ਼ਿਲਾਫ਼ ਹੱਤਿਆ, 31 ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ 8 ਖ਼ਿਲਾਫ਼ ਮਹਿਲਾਵਾਂ ਨਾਲ ਜ਼ਿਆਦਤੀਆਂ ਦੇ ਕੇਸ ਦਰਜ ਹਨ। ਤੇਜਸਵੀ ਯਾਦਵ ਦੀ ਅਗਵਾਈ ਹੇਠਲੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ 74 ‘ਚੋਂ 54 ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਕੇਸ ਬਕਾਇਆ ਪਏ ਹਨ। ਭਾਜਪਾ ਦੇ 73 ‘ਚੋਂ 47, ਜਨਤਾ ਦਲ (ਯੂ) ਦੇ 43 ‘ਚੋਂ 20, ਕਾਂਗਰਸ ਦੇ 19 ‘ਚੋਂ 16, ਸੀ.ਪੀ.ਆਈ.-ਐੱਮ.ਐੱਲ. ਲਿਬਰੇਸ਼ਨ ਦੇ 12 ‘ਚੋਂ 10 ਅਤੇ ਏ.ਆਈ.ਐੱਮ.ਆਈ.ਐੱਮ. ਦੇ ਸਾਰੇ ਪੰਜ ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਕੇਸ ਬਕਾਇਆ ਹਨ।


Share