ਬਿਆਸ ਵਿੱਚ ਨਹਾਉਂਦਿਆਂ ਤਿੰਨ ਨੌਜਵਾਨ ਰੁੜ੍ਹੇ

ਕਾਹਨੂੰਵਾਨ, 26 ਅਪ੍ਰੈਲ (ਪੰਜਾਬ ਮੇਲ)- ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡਾਂ ਰਾਜੂ ਬੇਲਾ ਅਤੇ ਬਲਵੰਡਾ ਦੇ 5 ਨੌਜਵਾਨ ਨਹਾਉਂਦੇ ਸਮੇਂ ਦਰਿਆ ਬਿਆਸ ਦੇ ਤੇਜ਼ ਵਹਿਣ ਵਿੱਚ ਰੁੜ੍ਹ ਗਏ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਨੂੰ ਬਚਾ ਲਿਆ ਗਿਆ ਹੈ ਅਤੇ ਤਿੰਨ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ੍ਹ ਗਏ। ਇਨ੍ਹਾਂ ਵਿੱਚੋਂ ਇਕ ਨੌਜਵਾਨ ਦੀ ਦੇਰ ਸ਼ਾਮ ਡੂੰਘੇ ਪਾਣੀ ਵਿੱਚੋਂ ਲਾਸ਼ ਬਰਾਮਦ ਹੋ ਗਈ। ਜਾਣਕਾਰੀ ਅਨੁਸਾਰ ਲਵਦੀਪ ਸਿੰਘ ਵਾਸੀ ਬਲਵੰਡਾ, ਸੁਖਜਿੰਦਰ ਸਿੰਘ ਵਾਸੀ ਬਲਵੰਡਾ, ਜੋਬਨਜੀਤ ਸਿੰਘ ਵਾਸੀ ਬਲਵੰਡਾ, ਸਿਮਰਨਜੀਤ ਸਿੰਘ ਵਾਸੀ ਰਾਜੂ ਬੇਲਾ ਅਤੇ ਗੁਰਵਿੰਦਰ ਸਿੰਘ ਵਾਸੀ ਰਾਜੂ ਬੇਲਾ ਪਿੰਡ ਕਿਸ਼ਨਪੁਰਾ ਨੇੜੇ ਦਰਿਆ ਬਿਆਸ ਵਿੱਚ ਦੁਪਹਿਰ ਸਮੇਂ ਨਹਾਉਣ ਗਏ ਸਨ। ਨਹਾਉਂਦੇ ਸਮੇਂ ਪੰਜੇ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਇਨ੍ਹਾਂ ਵਿੱਚੋਂ ਸੁਖਜਿੰਦਰ ਸਿੰਘ ਅਤੇ ਜੋਬਨਜੀਤ ਸਿੰਘ ਨੂੰ ਬਚਾਅ ਲਿਆ ਗਿਆ। ਬਾਕੀ ਨੌਜਵਾਨਾਂ ਵਿੱਚੋਂ ਸਿਮਰਨਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਲਵਦੀਪ ਸਿੰਘ ਪਾਣੀ ਦੇ ਡੂੰਘੇ ਵਹਿਣ ਵਿੱਚ ਲਾਪਤਾ ਹੋ ਗਏ। ਇਸ ਮੌਕੇ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਕੁਲਵਿੰਦਰ ਸਿੰਘ ਨੇ ਇਲਾਕਾ ਨਿਵਾਸੀਆਂ ਦੀ ਮੱਦਦ ਨਾਲ ਡੁੱਬੇ ਹੋਏ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਦੇਰ ਸ਼ਾਮ ਇਕ ਨੌਜਵਾਨ ਲਵਪ੍ਰੀਤ ਸਿੰਘ ਦੀ ਲਾਸ਼ ਡੂੰਘੇ ਪਾਣੀ ਵਿੱਚੋਂ ਬਰਾਮਦ ਕਰ ਲਈ। ਦੇਰ ਸ਼ਾਮ ਤੱਕ ਕੁਝ ਸਥਾਨਕ ਗੋਤਾਖੋਰ ਲਾਪਤਾ ਨੌਜਵਾਨਾਂ ਦੀ ਭਾਲ ਵਿੱਚ ਲੱਗੇ ਰਹੇ। ਇਹ ਭਾਲ ਭਲਕੇ ਵੀ ਜਾਰੀ ਰਹੇਗੀ।