ਬਾਬਾ ਰਾਮ ਸਿੰਘ ਦਾ ਮਿ੍ਰਤਕ ਸਰੀਰ ਗੁਰਦੁਆਰਾ ਨਾਨਕਸਰ ’ਚ ਰੱਖਿਆ, ਸਸਕਾਰ ਸ਼ੁੱਕਰਵਾਰ ਨੂੰ

79
Share

ਕਰਨਾਲ, 17 ਦਸੰਬਰ (ਪੰਜਾਬ ਮੇਲ)-ਬਾਬਾ ਰਾਮ ਸਿੰਘ, ਜਿਨ੍ਹਾਂ ਨੇ ਬੁੱਧਵਾਰ ਨੂੰ ਸਿੰਘੂ ਬਾਰਡਰ ’ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਦੀ ਮਿ੍ਰਤਕ ਦੇਹ ਕਰਨਾਲ ਦੇ ਸੀਂਗੜਾ ਪਿੰਡ ’ਚ ਸਥਿਤ ਗੁਰਦੁਆਰਾ ਨਾਨਕਸਰ ਵਿਚ ਰੱਖੀ ਗਈ ਹੈ, ਜਿਥੇ ਸ਼ਰਧਾਲੂ ਉਨ੍ਹਾਂ ਦੇ ਅੰਤਿਮ ਦਰਸ਼ਨ ਅਤੇ ਸ਼ਰਧਾਂਜਲੀਆਂ ਭੇਟ ਕਰ ਸਕਣਗੇ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ (18 ਦਸੰਬਰ) ਨੂੰ ਕੀਤਾ ਜਾਵੇਗਾ। ਵੱਡੀ ਗਿਣਤੀ ਸ਼ਰਧਾਲੂਆਂ ਨੂੰ ਦੇਖਦਿਆਂ ਗੁਰਦੁਆਰੇ ਦੇ ਬਾਹਰ ਵੱਡੀ ਗਿਣਤੀ ਪੁਲਿਸ ਤਾਇਨਾਤ ਹੈ। 65 ਸਾਲਾ ਸੰਤ ਪੰਜਾਬੀ ਵਿਚ ਲਿਖਿਆ ਇਕ ਨੋਟ ਛੱਡ ਗਏ ਹਨ, ਜਿਸ ਵਿਚ ਲਿਖਿਆ ਹੈ ਕਿ ਉਹ ਕਿਸਾਨਾਂ ਦਾ ਦਰਦ ਬਰਦਾਸ਼ਤ ਨਹੀਂ ਕਰ ਸਕਦੇ। ਪੁਲਿਸ ਇਸ ਨੋਟ ਦੀ ਜਾਂਚ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸੰਤ ਜੀ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਗੁਰਦੁਆਰੇ ਪੁੱਜੇ।
ਸ਼੍ਰੀ ਬਾਦਲ ਨੇ ਕਿਹਾ ਕਿ ਬਾਬਾ ਰਾਮ ਸਿੰਘ ਇਕ ਮਹਾਨ ਆਤਮਾ ਸਨ ਤੇ ਉਨ੍ਹਾਂ ਆਪਣੀ ਜ਼ਿੰਦਗੀ ਸਮਾਜ ਲਈ ਬਲੀਦਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਦੁੱਖ ਤੋਂ ਪ੍ਰੇਸ਼ਾਨ ਸਨ। ਉਨ੍ਹਾਂ ਕਿਹਾ, ‘‘ਮੈਂ ਹੈਰਾਨ ਹਾਂ ਕਿ ਕੇਂਦਰ ਸਰਕਾਰ ਹਾਲੇ ਵੀ ਆਪਣੇ ਸਟੈਂਡ ’ਤੇ ਅੜੀ ਹੋਈ ਹੈ। ਹੁਣ ਤੱਕ 30 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਆਪਣੀ ਹਉਮੈ ਛੱਡ ਕੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ‘‘ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਦੀ ਕਿਸਾਨਾਂ ਦੀਆਂ ਮੰਗਾਂ ਨਾ ਸੁਣਨ ਲਈ ਆਲੋਚਨਾ ਕੀਤੀ। ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਬਾਬਾ ਰਾਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

Share