ਬਾਦਲ ਦਲ ਵਿਰੋਧੀ ਅਕਾਲੀ ਧੜਿਆਂ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਇਕਮੁੱਠ ਹੋ ਕੇ ਲੜਨ ਦਾ ਐਲਾਨ

57
Share

ਜਲੰਧਰ, (ਮੇਜਰ ਸਿੰਘ/ਪੰਜਾਬ ਮੇਲ)- ਵੱਖ-ਵੱਖ ਬਾਦਲ ਦਲ ਵਿਰੋਧੀ ਅਕਾਲੀ ਧੜਿਆਂ ਦੇ ਆਗੂਆਂ ਤੇ ਪੰਥਕ ਹਸਤੀਆਂ ਨੇ ਇਕ ਮੰਚ ਉੱਪਰ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਕਰਦਿਆਂ ਹੋਰਨਾਂ ਹਮਖਿਆਲੀ ਧਾਰਮਕ ਜਜ਼ਬੇ ਵਾਲੀਆਂ ਧਿਰਾਂ ਨੂੰ ਵੀ ਇਕ ਮੰਚ ਉੱਪਰ ਆਉਣ ਦਾ ਸੱਦਾ ਦਿੱਤਾ ਹੈ। ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ (1920) ਦੇ ਪ੍ਰਧਾਨ ਰਵੀਇੰਦਰ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ ਤੇ ਪੰਥਕ ਅਕਾਲੀ ਲਹਿਰ ਦੇ ਆਗੂ ਤੇ ਸਾਬਕਾ ਜਥੇਦਾਰ ਅਕਾਲ ਤਖ਼ਤ ਭਾਈ ਰਣਜੀਤ ਸਿੰਘ ਵਿਚਕਾਰ ਇੱਥੇ ਹੋਈ ਮੀਟਿੰਗ ਵਿਚ ਉਕਤ ਫ਼ੈਸਲਾ ਲਿਆ ਗਿਆ। ਪੱਤਰਕਾਰਾਂ ਨਾਲ ਬਾਅਦ ‘ਚ ਗੱਲਬਾਤ ਕਰਦਿਆਂ ਪੰਜਾਂ ਸਿੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਉਹ ਸਿੱਖ ਪ੍ਰੰਪਰਾਵਾਂ ਤੇ ਸ੍ਰੀ ਅਕਾਲ ਤਖ਼ਤ ਦੀ ਮਾਣ-ਮਰਿਆਦਾ ਦੀ ਬਹਾਲੀ ਲਈ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਉੱਪਰ ਕਾਬਜ਼ ਬਾਦਲ ਪਰਿਵਾਰ ਨੂੰ ਹਰਾਉਣ ਵਾਲੀਆਂ ਧਿਰਾਂ ਨੂੰ ਰਲ ਕੇ ਇਹ ਚੋਣਾਂ ਲੜਨ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਵੀਂ ਲਹਿਰ ਵਿਚ ਸਭ ਰਾਜਸੀ ਪਾਰਟੀਆਂ ਅੰਦਰ ਕੰਮ ਕਰਦੇ ਸਿੱਖ ਬਿਰਤੀ ਵਾਲੇ ਲੋਕਾਂ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪੰਜਾਂ ਵਿਚੋਂ ਕੋਈ ਵੀ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਲੜੇਗਾ ਤੇ ਅਸੀਂ ਧਾਰਮਿਕ ਜ਼ਜਬੇ ਵਾਲੇ ਲੋਕਾਂ ਨੂੰ ਅੱਗੇ ਕੇ ਲਿਆਉਣਾ ਚਾਹੁੰਦੇ ਹਾਂ। ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਉੱਪਰ ਸਿਆਸੀ ਗਲਬਾ ਭਾਰੂ ਹੋ ਗਿਆ ਤੇ ਧਾਰਮਿਕ ਜਜ਼ਬਾ ਹੀ ਮਾਰ ਦਿੱਤਾ ਗਿਆ, ਜਿਸ ਕਾਰਨ ਸਿੱਖ ਸੰਸਥਾਵਾਂ ‘ਚ ਨਿਘਾਰ ਆਇਆ ਹੈ। ਉਨ੍ਹਾਂ ਕਿਹਾ ਕਿ ਸਿਆਸਤ ਉੱਪਰ ਧਰਮ ਦਾ ਕੁੰਡਾ ਹੋਣਾ ਚਾਹੀਦਾ ਹੈ ਪਰ ਹੁਣ ਉਲਟਾ ਹੋ ਗੋਆ ਹੈ ਤੇ ਅਸੀਂ ਧਾਰਮਿਕ ਕੁੰਡਾ ਮੁੜ ਕਾਇਮ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਕਮਿਸ਼ਨ ਨੇ ਕਰਵਾਉਣੀਆਂ ਹਨ ਤੇ ਜਦ ਵੀ ਹੋਣਗੀਆਂ, ਉਹ ਇਕਮੁੱਠ ਹੋ ਕੇ ਲੜਨਗੇ।


Share