ਬਾਦਲ ਖਿਲਾਫ਼ ਸਿੱਖ ਸੰਗਤ ਦਾ ਗੁੱਸਾ ਨਹੀਂ ਹੋ ਰਿਹਾ ਘੱਟ

ਬਠਿੰਡਾ,ਫਰੀਦਕੋਟ, 18 ਅਕਤੂਬਰ (ਪੰਜਾਬ ਮੇਲ) – ਸ੍ਰੀ ਗੁਰੂ ਗ੍ਰੰਥ ਸਾਹਿਬਜੀ ਦੀ ਬੇਅਦਬੀ ਦੇ ਮਾਮਲੇ ‘ਚ ਸੰਤ ਸਮਾਜ ਵਲੋਂ ਲਏ ਗਏ ਫੈਸਲੇ ਨੂੰ ਨਕਾਰਦਿਆਂ ਅੱਜ 9 ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਬਾਦਲ ਬਹਿਬਲ ਕਲਾਂ ਵਾਂਗ ਪਹਿਲਾਂ ਹੀ ਸਿੱਖ ਸੰਗਤਾਂ ਦਾ ਬਹੁਤ ਖੂਨ ਪੀ ਚੁੱਕੇ ਹਨ, ਇਸ ਲਈ ਸੰਗਤਾਂ ਦਾ ਹੋਰ ਖੂਨ ਇਕੱਤਰ ਕਰ ਕੇ ਬਾਦਲਾਂ ਨੂੰ ਭੇਟ ਕੀਤਾ ਜਾਵੇਗਾ ਤਾਂ ਕਿ ਉਹ ਆਪਣੀ ਪਿਆਸ ਬੁਝਾ ਸਕਣ। ਇਥੇ ਬਾਦਲਾਂ ਦਾ ਮਤਲਬ ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੱਸਿਆ।
ਇਹ ਮੀਟਿੰਗ ਅੱਜ ਫਰੀਦਕੋਟ ਵਿਖੇ ਹੋਈ, ਜਿਸ ਦੀ ਅਗਵਾਈ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਵਲੋਂ ਕੀਤੀ ਗਈ।
ਇਸ ਮੌਕੇ ਸ਼ਾਮਲ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਦੀ ਸਹਿਮਤੀ ਨਾਲ ਹੀ ਬਾਦਲਾਂ ਨੂੰ ਖੂਨ ਭੇਟ ਕਰਨ ਦਾ ਫੈਸਲਾ ਲਿਆ ਗਿਆ। ਆਗੂਆਂ ਨੇ ਐਲਾਨ ਕੀਤਾ ਕਿ ਸਿੱਖ ਸੰਗਤਾਂ ਜਿਵੇਂ ਚਾਹੁਣ ਉਵੇਂ ਹੀ ਧਰਨਾ ਪ੍ਰਦਰਸ਼ਨ ਜਾਰੀ ਰੱਖਣ। ਜੇਕਰ ਕੋਈ 24 ਘੰਟੇ ਧਰਨਾ ਦੇਣਾ ਚਾਹੁੰਦਾ ਹੈ ਜਾਂ ਕੋਈ 2-4 ਘੰਟੇ ਧਰਨਾ ਦਿੰਦਾ ਹੈ ਤਾਂ ਹਰ ਹਾਲ ‘ਚ ਸਿੱਖ ਜਥੇਬੰਦੀਆਂ ਸੰਗਤਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ‘ਚ ਸ਼ਹੀਦ ਹੋਏ ਦੋਵਾਂ ਸਿੱਖਾਂ ਦੇ ਭੋਗ ਸਮਾਗਮ 25 ਅਕਤੂਬਰ ਨੂੰ ਪਿੰਡ ‘ਚ ਕਰਵਾਉਣ ਉਪਰੰਤ ਬਰਗਾੜੀ ਵਿਖੇ ਸੂਬਾ ਪੱਧਰੀ ਸਮਾਗਮ ਹੋਵੇਗਾ, ਜਿਸ ਵਿਚ ਸਿੱਖ ਜਥੇਬੰਦੀਆਂ ਦੇ ਵਰਕਰ ਤੇ ਸਿੱਖ ਸੰਗਤਾਂ ਪਹੁੰਚਣਗੀਆਂ। ਆਗੂਆਂ ਨੇ ਦੱਸਿਆ ਕਿ 10 ਨਵੰਬਰ ਨੂੰ ਗੁ. ਬਾਬਾ ਨੌਧ ਸਿੰਘ (ਤਰਨਤਾਰਨ) ਵਿਖੇ ਸਰਬੱਤ ਖਾਲਸਾ ਬੁਲਾਇਆ ਗਿਆ ਹੈ, ਜਿਥੇ ਸਿੱਖ ਧਰਮ ਸੰਬੰਧੀ ਯੋਗ ਵਿਚਾਰਾਂ ਕੀਤੀਆਂ ਜਾਣਗੀਆਂ ਤੇ ਲੋੜੀਂਦੇ ਫੈਸਲੇ ਲਏ ਜਾਣਗੇ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਰਾਜ ਨਹੀਂ ਚਾਹੀਦਾ ਪਰ ਬਾਦਲ ਸਰਕਾਰ ਵੀ ਬਰਦਾਸ਼ਤ ਨਹੀਂ, ਜਿਸ ਨੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਸਤੀਫੇ ਦੇਣ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
There are no comments at the moment, do you want to add one?
Write a comment