ਬਾਇਡਨ 80 ਮਿਲੀਅਨ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਅਮਰੀਕਾ ਦੇ ਪਹਿਲੇ ਉਮੀਦਵਾਰ ਬਣੇ

149
Share

ਫਰਿਜ਼ਨੋ, 30 ਨਵੰਬਰ (ਮਾਛੀਕੇ/ਪੰਜਾਬ ਮੇਲ)- ਅਮਰੀਕਾ ‘ਚ ਇਸ ਵਾਰ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਇਸ ਅਹੁਦੇ ਲਈ ਚੁਣੇ ਗਏ ਜੋਅ ਬਾਇਡਨ ਨੇ ਰਿਕਾਰਡ ਜਿੱਤ ਪ੍ਰਾਪਤ ਕੀਤੀ ਹੈ। ਅਮਰੀਕਾ ਦੇ ਇਤਿਹਾਸ ‘ਚ 80 ਮਿਲੀਅਨ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਨਾਲ ਬਾਇਡਨ ਦੇਸ਼ ਦੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਪਹਿਲੇ ਉਮੀਦਵਾਰ ਬਣ ਗਏ ਹਨ। ਬਾਇਡਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਰਿਕਾਰਡ ਨੂੰ 10 ਮਿਲੀਅਨ ਤੋਂ ਵੱਧ ਵੋਟਾਂ ਨਾਲ ਪਾਰ ਕੀਤਾ, ਜਿਨ੍ਹਾਂ ਨੇ 2008 ਦੀ ਚੋਣ ‘ਚ 70 ਮਿਲੀਅਨ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਫਿਰ ਸਾਲ 2012 ਵਿਚ ਨਾ ਤਾਂ ਓਬਾਮਾ, ਨਾ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਕਿਸੇ ਹੋਰ ਉਮੀਦਵਾਰ ਨੇ ਸਾਲ 2016 ਵਿਚ ਇਹ ਸੰਖਿਆ ਪ੍ਰਾਪਤ ਕੀਤੀ ਸੀ। ਟਰੰਪ ਨੇ ਪਿਛਲੀਆਂ ਚੋਣਾਂ ਵਿਚ 73 ਮਿਲੀਅਨ ਵੋਟਾਂ ਲੈ ਕੇ ਓਬਾਮਾ ਦਾ 2008 ਦਾ ਰਿਕਾਰਡ ਤੋੜ ਦਿੱਤਾ ਸੀ ਪਰ ਇਸ ਵਾਰ ਉਹ ਬਾਇਡਨ ਨਾਲ ਵੋਟਾਂ ਦੀ ਦੌੜ ਵਿਚ ਪੱਛੜ ਗਏ।
ਕੁੱਕ ਪੋਲੀਟੀਕਲ ਰਿਪੋਰਟ ਅਨੁਸਾਰ ਬਾਇਡਨ ਨੇ 80,070,466 ਦੀ ਗਿਣਤੀ ਨਾਲ 51 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ  ਜਦੋਂਕਿ ਟਰੰਪ ਦੀਆਂ ਵੋਟਾਂ 73,890,413 ਦੇ ਨਾਲ 47.1 ਫ਼ੀਸਦੀ ਸਨ। ਇਹ ਰਿਕਾਰਡਤੋੜ ਗਿਣਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਿੰਨੇ ਹੋਰ ਅਮਰੀਕੀਆਂ ਨੇ ਚੋਣਾਂ ਵਿਚ ਹਿੱਸਾ ਲਿਆ ਹੈ। ਇਸ ਦੇ ਇਲਾਵਾ ਕੁੱਝ ਖੇਤਰ ਅਜੇ ਵੀ ਵੋਟਾਂ ਦੀ ਗਿਣਤੀ ਕਰ ਰਹੇ ਹਨ, ਜਿਸ ਨਾਲ ਬਾਇਡਨ ਦੀ ਰਿਕਾਰਡਤੋੜ ਜਿੱਤ ਲਗਾਤਾਰ ਹੋਰ ਵੀ ਵੱਧ ਸਕਦੀ ਹੈ।


Share