ਬਾਇਡਨ ਸਾਬਕਾ ਰਾਸ਼ਟਰਪਤੀਆਂ ਨਾਲ ਜਨਤਕ ਤੌਰ ‘ਤੇ ਲਗਵਾਉਣਗੇ ਕੋਰੋਨਾਵਾਇਰਸ ਟੀਕਾ

198
Share

ਫਰਿਜ਼ਨੋ, 5 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਇਸ ਸਮੇਂ ਕੋਰੋਨਾਵਾਇਰਸ ਦੇ ਇਲਾਜ ਲਈ ਇੱਕ ਟੀਕੇ ਦੀ ਆਸ ਬੱਝੀ ਹੋਈ ਹੈ, ਜਦਕਿ ਕਈ ਟੀਕਾ ਬਨਾਉਣ ਵਾਲੀਆਂ ਕੰਪਨੀਆਂ ਇਸਦੀ ਪ੍ਰਭਾਵਸ਼ੀਲਤਾ ਦਾ ਦਾਅਵਾ ਵੀ ਕਰ ਰਹੀਆਂ ਹਨ। ਪਰ ਟੀਕੇ ਦੇ ਉਪਲੱਬਧ ਹੋਣ ‘ਤੇ ਲੋਕਾਂ ਵਿਚ ਇਸ ਬਾਰੇ ਸ਼ੰਕਾ ਵੀ ਹੈ। ਇਸ ਸੰਬੰਧੀ ਅਮਰੀਕਾ ਵਾਸੀਆਂ ਨੂੰ ਟੀਕੇ ਪ੍ਰਤੀ ਉਤਸ਼ਾਹਿਤ ਅਤੇ ਸੁਰੱਖਿਅਤ ਸਾਬਿਤ ਕਰਨ ਲਈ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਟੀਕੇ ਦੇ ਉਪਲੱਬਧ ਹੋਣ ਦੌਰਾਨ ਜਨਤਕ ਤੌਰ ‘ਤੇ ਇੱਕ ਟੀਕਾ ਲਵਾਉਣਗੇ, ਜਦਕਿ ਤਿੰਨ ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਜਾਰਜ ਡਬਲਯੂ ਬੁਸ਼ ਅਤੇ ਬਿੱਲ ਕਲਿੰਟਨ ਨੇ ਵੀ ਹਾਲ ਹੀ ਵਿਚ ਅਜਿਹਾ ਕਰਨ ਦਾ ਵਾਅਦਾ ਕੀਤਾ ਹੈ। ਇਸਦੇ ਇਲਾਵਾ ਟੀਕੇ ਦੇ ਸੰਬੰਧ ਵਿਚ ਤਿੰਨੇ ਸਾਬਕਾ ਰਾਸ਼ਟਰਪਤੀਆਂ ਨੇ ਇਸ ਹਫ਼ਤੇ ਕਿਹਾ ਕਿ ਉਹ ਇਲਾਜ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਿਤ ਕਰਨ ਲਈ ਕੋਰੋਨਾਵਾਇਰਸ ਟੀਕਾ ਲਗਵਾਉਣ ਲਈ ਤਿਆਰ ਹਨ ਅਤੇ ਉਹ ਟੀਕੇ ਲੱਗਣ ਦੇ ਸਮੇਂ ਨੂੰ ਵੀਡੀਓ ਵਿਚ ਵੀ ਕੈਦ ਕਰ ਸਕਦੇ ਹਨ। ਬਾਇਡਨ ਅਨੁਸਾਰ ਲੋਕਾਂ ਲਈ ਇਹ ਗੱਲ ਮਾਇਨੇ ਰੱਖਦੀ ਹੈ ਕਿ ਦੇਸ਼ ਦਾ ਰਾਸ਼ਟਰਪਤੀ ਜਨਤਾ ਲਈ ਕੀ ਕਰ ਰਿਹਾ ਹੈ, ਇਸ ਲਈ ਉਹ ਟੀਕਾ ਲਗਵਾਉਣ ਤੋਂ ਹਿਚਕਿਚਾਉਣਗੇ ਨਹੀਂ ਕਿਉਂਕਿ ਡਾਕਟਰ ਐਂਥਨੀ ਫੌਕੀ ਵਰਗੇ ਮਾਹਰ ਟੀਕੇ ਨੂੰ ਸੁਰੱਖਿਅਤ ਦੱਸ ਰਹੇ ਹਨ ਅਤੇ ਇਹ ਫੈਡਰਲ ਸਰਕਾਰ ਦੁਆਰਾ ਵੀ ਨਿਯੰਤਰਿਤ ਅਤੇ ਸੁਰੱਖਿਅਤ ਹੋਣਗੇ।


Share