ਬਾਇਡਨ ਵੱਲੋਂ 20 ਤੋਂ ਵੱਧ ਭਾਰਤੀ ਮੂਲ ਦੇ ਲੋਕ ‘ਏਜੰਸੀ ਰੀਵਿਊ ਟੀਮ’ ‘ਚ ਸ਼ਾਮਲ

69
Share

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਜੇਤੂ ਜੋਅ ਬਾਈਡੇਨ ਨੇ 20 ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੀ ‘ਏਜੰਸੀ ਰੀਵਿਊ ਟੀਮ’ (ਆਰਟ) ਵਿਚ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿਚੋਂ 3 ਟੀਮ ਦੀ ਅਗਵਾਈ ਕਰਨਗੇ। ਇਹ ਟੀਮ ਪ੍ਰਮੁੱਖ ਸੰਘੀ ਏਜੰਸੀਆਂ ਦੀ ਮੌਜੂਦਾ ਪ੍ਰਸ਼ਾਸਨ ਵਿਚ ਕਾਰਜ ਪ੍ਰਣਾਲੀ ਦੀ ਸਮੀਖਿਆ ਕਰੇਗੀ ਤਾਂ ਜੋ ਸੱਤਾ ਦਾ ਟਰਾਂਸਫਰ ਸੁਚਾਰੂ ਢੰਗ ਨਾਲ ਯਕੀਨੀ ਕੀਤਾ ਜਾ ਸਕੇ। ਬਾਇਡਨ ਦੀ ਟਰਾਂਸਫਰ ਟੀਮ ਨੇ ਕਿਹਾ ਕਿ ਹੁਣ ਤੱਕ ਦੇ ਰਾਸ਼ਟਰਪਤੀ ਟਰਾਂਸਫਰ ਟੀਮ ਦੇ ਇਤਿਹਾਸ ਵਿਚ ਇਹ ਟੀਮ ਸਭ ਤੋਂ ਵੱਧ ਵਿਭਿੰਨਤਾ ਭਰਪੂਰ ਹੈ।
ਅਮਰੀਕਾ ‘ਚ ਸੱਤਾ ਤਬਾਦਲੇ ਲਈ ਬਣਾਈ ਗਈ ਆਰਟ ਟੀਮ ਵਿਚ ਸੈਂਕੜੇ ਮੈਂਬਰ ਹਨ, ਜਿਨ੍ਹਾਂ ਵਿਚੋਂ ਅੱਧੀਆਂ ਤੋਂ ਜ਼ਿਆਦਾ ਬੀਬੀਆਂ ਹਨ, 40 ਫੀਸਦੀ ਉਨ੍ਹਾਂ ਭਾਈਚਾਰਿਆਂ ਤੋਂ ਹਨ, ਜਿਨ੍ਹਾਂ ਦੀ ਸੰਘੀ ਸਰਕਾਰ ਵਿਚ ਇਤਿਹਾਸਿਕ ਰੂਪ ਨਾਲ ਘੱਟ ਨੁਮਾਇੰਦਗੀ ਰਹੀ ਹੈ। ਇਨ੍ਹਾਂ ਵਿਚ ਗੈਰ ਗੋਰੇ, ਐੱਲ.ਜੀ.ਬੀ.ਟੀ. ਅਤੇ ਅਪਾਹਜ ਸ਼ਾਮਲ ਹਨ। ਟੀਮ ਦੇ ਮੁਤਾਬਕ ਸਟੈਨਫੋਰਡ ਯੂਨੀਵਰਸਿਟੀ ਦੇ ਅਰੂਣ ਮਜੂਮਦਾਰ ਊਰਜਾ ਵਿਭਾਗ ਵਿਚ ਸੱਤਾ ਤਬਾਦਲੇ ਲਈ ਬਣਾਈ ਗਈ ਆਰਟ ਦੀ ਅਗਵਾਈ ਕਰਨਗੇ। ਉੱਥੇ ਰਾਹੁਲ ਗੁਪਤਾ ਰਾਸ਼ਟਰੀ ਡਰੱਗ ਕੰਟਰੋਲ ਨੀਤੀ ਦੇ ਮਾਮਲੇ ਵਿਚ ਅਗਵਾਈ ਕਰਨਗੇ। ਕਿਰਨ ਆਹੂਜਾ ਨੂੰ ਕਰਮਚਾਰੀਆਂ ਦੇ ਪ੍ਰਬੰਧਨ ਲਈ ਬਣੀ ਟੀਮ ਦੀ ਕਮਾਂਡ ਸੌਂਪੀ ਗਈ ਹੈ। ਪੁਨੀਤ ਤਲਵਾਰ ਨੂੰ ਵਿਦੇਸ਼ ਵਿਭਾਗ ਨਾਲ ਜੁੜੀ ਟੀਮ ਵਿਚਜਗ੍ਹਾ ਦਿੱਤੀ ਗਈ ਹੈ। ਪਾਵ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਪਰੀਸ਼ਦ ਅਤੇ ਵਿਗਿਆਨ ਅਤੇ ਤਕਨਾਲੋਜੀ ਦੀ ਟੀਮ ਵਿਚ ਨਾਮਜ਼ਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਅਰੂਣ ਵੈਂਕਟਰਮਨ ਨੂੰ ਵਣਜ ਅਤੇ ਯੂ.ਐੱਸ.ਟੀ.ਆਰ. ਮਾਮਲਿਆਂ ਦੀਆਂ ਦੋ ਟੀਮਾਂ ‘ਚ ਸ਼ਾਮਲ ਕੀਤਾ ਗਿਆ ਹੈ। ਹੋਰ ਪ੍ਰਮੁੱਖ ਭਾਰਤੀਆਂ ਜਿਨ੍ਹਾਂ ਨੂੰ ਬਾਇਡਨ ਦੀ ਆਰਟ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਪ੍ਰਵੀਨ ਰਾਧਵਨ ਅਤੇ ਆਤਮਨ ਤ੍ਰਿਵੇਦੀ ਵਣਜ ਵਿਭਾਗ ਮਾਮਲੇ ਦੀ ਟੀਮ ਵਿਚ, ਸਿੱਖਿਆ ਵਿਭਾਗ ਵਿਚ ਸ਼ੀਤਲ ਸ਼ਾਹ, ਊਰਜਾ ਵਿਭਾਗ ਵਿਚ ਆਰ. ਰਮੇਸ਼ ਅਤੇ ਰਾਮਾ ਜ਼ਾਕਿਰ, ਅੰਦਰੂਨੀ ਸੁਰੱਖਿਆ ਵਿਭਾਗ ਸੰਬੰਧੀ ਟੀਮ ਵਿਚ ਸ਼ੁੱਭਸ਼੍ਰੀ ਰਾਮਨਾਥਨ, ਨਿਆਂ ਵਿਭਾਗ ਦੇ ਲਈ ਰਾਜ ਡੇ, ਕਿਰਤ ਵਿਭਾਗ ਦੇ ਲਈ ਸੀਮਾ ਨੰਦਾ ਅਤੇ ਰਾਜਨਾਇਕ, ਫੈਡਰਲ ਰਿਜਰਵ ਅਤੇ ਬੈਂਕਿੰਗ ਤੇ ਪ੍ਰਤੀਭੂਤੀਆਂ ਮਾਮਲਿਆਂ ਦੇ ਲਈ ਰੀਨਾ ਅਗਰਵਾਲ ਅਤੇ ਸਤਿਅਮ ਖੰਨਾ, ਨਾਸਾ ਦੇ ਲਈ ਭਵਯਾ ਲਾਲ, ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਲਈ ਦਿਲਪ੍ਰੀਤ ਸਿੱਧੂ, ਪ੍ਰਬੰਧਨ ਅਤੇ ਬਜਟ ਦਫਤਰ ਦੇ ਲਈ ਦਿਵਯ ਕੁਮਾਰਿਯਾਹ, ਖੇਤੀ ਵਿਭਾਗ ਦੇ ਲਈ ਕੁਮਾਰ ਚੰਦਰਨ ਅਤੇ ਪੋਸਟਲ ਸੇਵਾ ਦੇ ਲਈ ਅਨੀਸ਼ ਚੋਪੜਾ। ਆਰਟ ਵਿਚ ਸਾਰੇ ਮੈਂਬਰ ਵਾਲੰਟੀਅਰ ਦੇ ਤੌਰ ‘ਤੇ ਸ਼ਾਮਲ ਕੀਤੇ ਗਏ ਹਨ।


Share