ਬਾਇਡਨ ਵੱਲੋਂ ਸਿੱਖਾਂ ਤੱਕ ਪਹੁੰਚ ਬਣਾਉਣ ਲਈ ‘ਸਿੱਖ ਅਮਰੈਕੀਨਜ਼ ਫਾਰ ਬਾਇਡਨ’ ਮੁਹਿੰਮ ਦੀ ਸ਼ੁਰੂਆਤ

122
Share

ਕਿਹਾ: ਅਮਰੀਕਾ ‘ਚ 2017 ਮਗਰੋਂ ਸਿੱਖਾਂ ਨਾਲ ਨਸਲੀ ਹਮਲੇ ਵਰਗੀਆਂ ਘਟਨਾਵਾਂ ‘ਚ ਹੋਇਆ ਵੱਡਾ ਵਾਧਾ
ਵਾਸ਼ਿੰਗਟਨ, 28 ਸਤੰਬਰ (ਪੰਜਾਬ ਮੇਲ)- ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ‘ਚ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਦੀ ਚੋਣ ਪ੍ਰਚਾਰ ਟੀਮ ਨੇ ਮੁਲਕ ਵਿਚ ਰਹਿੰਦੇ ਸਿੱਖਾਂ ਤੱਕ ਪਹੁੰਚ ਬਣਾਉਣ ਲਈ ‘ਸਿੱਖ ਅਮੈਰੀਕਨਜ਼ ਫਾਰ ਬਾਇਡਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਬਾਇਡਨ ਦੀ ਟੀਮ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਸਕੂਲਾਂ ਵਿਚ ਪੜ੍ਹਦੇ ਸਿੱਖ-ਅਮਰੀਕੀਆਂ ਦੀ ਸੁਰੱਖਿਆ ਲਈ ਯੋਜਨਾ ਹੈ। ਬਾਇਡਨ ਕੰਪੇਨ ਨੇ ਘੱਟ-ਗਿਣਤੀ ਧਾਰਮਿਕ ਭਾਈਚਾਰੇ ਨੂੰ ਅਮਰੀਕਾ ਵਿਚ ਨਸਲੀ ਤੇ ਨਫ਼ਰਤੀ ਹਮਲਿਆਂ ਸਮੇਤ ਦਰਪੇਸ਼ ਹੋਰਨਾਂ ਨਿਵੇਕਲੀ ਚੁਣੌਤੀਆਂ ਦਾ ਨਿਬੇੜਾ ਕਰਨ ਦਾ ਸੰਕਲਪ ਦੁਹਰਾਇਆ ਹੈ। ਬਾਇਡਨ ਕੰਪੇਨ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ, ‘ਸਿੱਖ ਅਮਰੀਕੀਆਂ ਨੂੰ ਨਸਲੀ ਹਮਲੇ ਜਿਹੀਆਂ ਘਟਨਾਵਾਂ ਦਾ ਕੌਮੀ ਔਸਤ ਨਾਲੋਂ ਦੁੱਗਣਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਸਾਲ 2017 ਮਗਰੋਂ ਇਨ੍ਹਾਂ ਘਟਨਾਵਾਂ ‘ਚ ਵੱਡਾ ਵਾਧਾ ਹੋਇਆ ਹੈ। ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਨੇ ਸਿੱਖ ਭਾਈਚਾਰੇ ਨੂੰ ਦਰਪੇਸ਼ ਨਸਲਵਾਦ, ਤੇ ਪੱਖਪਾਤ ਜਿਹੀਆਂ ਨਿਵੇਕਲੀਆਂ ਚੁਣੌਤੀਆਂ ਨੂੰ ਮੁਖਾਤਬ ਹੋਣ ਲਈ ਵਿਸ਼ੇਸ਼ ਯੋਜਨਾ ਤੇ ਨੀਤੀਆਂ ਬਣਾਈਆਂ ਹਨ।’ ਸਿੱਖ ਅਮਰੀਕੀ ਨੈਸ਼ਨਲ ਲੀਡਰਸ਼ਿਪ ਕੌਂਸਲ ਦੀ ਮੈਂਬਰ ਤੇ ਨਾਗਰਿਕ ਹੱਕਾ ਬਾਰੇ ਸੱਜੇਪੱਖੀ ਕਾਰਕੁੰਨ ਕਿਰਨ ਕੌਰ ਗਿੱਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿੱਖਾਂ ਨਾਲ ਹੁੰਦੇ ਇਸ ਧੱਕੇ/ਪੱਖਪਾਤ ਖ਼ਿਲਾਫ਼ ਨਾ ਸਿਰਫ਼ ਅੱਖਾਂ ਮੀਟ ਰੱਖੀਆਂ ਹਨ, ਬਲਕਿ ਇਸ ਵਰਤਾਰੇ ਨੂੰ ਹੱਲਾਸ਼ੇਰੀ ਵੀ ਦਿੱਤੀ ਜਾ ਰਹੀ ਹੈ। ਗਿੱਲ ਨੇ ਇਕ ਬਿਆਨ ਵਿਚ ਕਿਹਾ ਕਿ ਬਾਇਡਨ ਦੇ ਅਮਰੀਕੀ ਸਦਰ ਬਨਣ ਨਾਲ ਸਿੱਖ ਅਮਰੀਕੀ ਖੁਦ ਨੂੰ ਅਮਰੀਕਾ ਦੇ ਸਕੂਲਾਂ ਤੇ ਸੜਕਾਂ ‘ਤੇ ਸੁਰੱਖਿਅਤ ਮਹਿਸੂਸ ਕਰਨਗੇ।


Share