ਬਾਇਡਨ ਵੱਲੋਂ ਪੈਰਿਸ ਵਾਤਾਵਰਨ ਸਮਝੌਤੇ ‘ਚ ਮੁੜ ਸ਼ਾਮਲ ਹੋਣ ਦਾ ਅਹਿਦ

85
Share

ਟਰੰਪ ਪ੍ਰਸ਼ਾਸਨ ਵੱਲੋਂ ਸਮਝੌਤੇ ਤੋਂ ਬਾਹਰ ਹੋਣ ਮਗਰੋਂ ਕੀਤਾ ਐਲਾਨ
ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਨੇ ਅਹਿਦ ਲਿਆ ਹੈ ਕਿ ਉਨ੍ਹਾਂ ਦੇ ਰਾਸ਼ਟਰਪਤੀ ਬਣਨ ‘ਤੇ ਅਮਰੀਕਾ ਵਾਤਾਵਰਨ ਤਬਦੀਲੀ ਬਾਰੇ ਇਤਿਹਾਸਕ ਸਮਝੌਤੇ ‘ਚ ਮੁੜ ਸ਼ਾਮਲ ਹੋਵੇਗਾ। ਬਾਇਡਨ ਨੇ ਅਜੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚ ਜਿੱਤ ਦਰਜ ਨਹੀਂ ਕੀਤੀ ਹੈ ਪਰ ਉਹ ਹੌਲੀ-ਹੌਲੀ ਬਹੁਮੱਤ ਵੱਲ ਵੱਧ ਰਹੇ ਹਨ। ਰਾਸ਼ਟਰਪਤੀ ਬਣਨ ਲਈ 270 ਇਲੈਕਟੋਰਲ ਵੋਟਾਂ ਹਾਸਲ ਕਰਨੀਆਂ ਜ਼ਰੂਰੀ ਹਨ ਅਤੇ ਬਾਇਡਨ ਨੂੰ ਹੁਣ ਤੱਕ 253 ਵੋਟਾਂ ਮਿਲ ਚੁੱਕੀਆਂ ਹਨ। ਅਮਰੀਕੀ ਮੀਡੀਆ ਵੱਲੋਂ ਜਾਰੀ ਤਾਜ਼ਾ ਰੁਝਾਨਾਂ ਅਨੁਸਾਰ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਨੂੰ ਹੁਣ ਤੱਕ 213 ਇਲੈਕਟੋਰਲ ਵੋਟ ਹਾਸਲ ਹੋਏ ਹਨ। ਅਮਰੀਕਾ ਨੇ ਚਾਰ ਨਵੰਬਰ ਨੂੰ ਰਸਮੀ ਤੌਰ ‘ਤੇ 2015 ਦੇ ਪੈਰਿਸ ਵਾਤਾਵਰਨ ਸਮਝੌਤੇ ਤੋਂ ਹੱਥ ਖਿੱਚ ਲਏ ਸੀ।
ਬਾਇਡਨ ਨੇ ਟਵੀਟ ਕੀਤਾ, ‘ਟਰੰਪ ਪ੍ਰਸ਼ਾਸਨ ਨੇ ਅਧਿਕਾਰਤ ਤੌਰ ‘ਤੇ ਪੈਰਿਸ ਵਾਤਾਵਰਨ ਸਮਝੌਤੇ ਨੂੰ ਰਸਮੀ ਤੌਰ ‘ਤੇ ਤਿਆਗ ਦਿੱਤਾ ਅਤੇ 77 ਦਿਨ ਬਾਅਦ ਬਾਇਡਨ ਪ੍ਰਸ਼ਾਸਨ ਮੁੜ ਇਸ ‘ਚ ਸ਼ਾਮਲ ਹੋਵੇਗਾ।’ ਅਮਰੀਕਾ ਨੇ 2016 ‘ਚ ਓਬਾਮਾ ਪ੍ਰਸ਼ਾਸਨ ਦੌਰਾਨ ਪੈਰਿਸ ਸਮਝੌਤੇ ‘ਤੇ ਦਸਤਖ਼ਤ ਕੀਤੇ ਸੀ।


Share