ਬਾਇਡਨ ਵੱਲੋਂ ਕੋਰੋਨਾ ਦੀ ਪਹਿਲੀ ਵੈਕਸੀਨ ਲਗਵਾਉਣ ਵਾਲੀ ਨਰਸ ਸਨਮਾਨਿਤ

165
Share

ਫਰਿਜ਼ਨੋ, 4 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਹੋਣ ਉਪਰੰਤ ਸਭ ਤੋਂ ਪਹਿਲਾਂ ਕੋਰੋਨਾ ਟੀਕਾ ਲਗਵਾਉਣ ਵਾਲੀ ਨਰਸ ਨੂੰ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਸਨਮਾਨਿਤ ਕੀਤਾ ਹੈ। ਬਾਇਡਨ ਨੇ ਜਮੈਕਾ ਤੋਂ ਆਈ ਪ੍ਰਵਾਸੀ ਸੈਂਡਰਾ ਲਿੰਡਸੇ ਨੂੰ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦਾ ਫਰੇਮਡ ‘‘ਆਊਟਸਟੈਂਡਿੰਗ ਅਮੈਰੀਕਨ ਬਾਈ ਚੁਆਇਸ’’ ਐਵਾਰਡ ਭੇਂਟ ਕੀਤਾ।
ਇਸ ਦੇ ਇਲਾਵਾ ਵ੍ਹਾਈਟ ਹਾਊਸ ਵਿਚ ਹੋਏ ਇਸ ਸਨਮਾਨ ਸਮਾਰੋਹ ਵਿਚ ਬਾਇਡਨ ਨੇ ਘੋਸ਼ਣਾ ਕੀਤੀ ਕਿ ਉਸ ਦੇ ਹਸਪਤਾਲ ਸਕ੍ਰਬ ਅਤੇ ਕੋਵਿਡ-19 ਟੀਕਾਕਰਨ ਕਾਰਡ ਅਮਰੀਕਾ ਦੇ ਸਮਿਥਸੋਨੀਅਨ ਮਿਊਜ਼ੀਅਮ ਆਫ ਅਮੈਰੀਕਨ ਹਿਸਟਰੀ ’ਚ ਪ੍ਰਦਰਸ਼ਿਤ ਕੀਤੇ ਜਾਣਗੇ। ਸੈਂਡਰਾ 18 ਸਾਲ ਦੀ ਉਮਰ ’ਚ ਜਮੈਕਾ ਤੋਂ ਨਿਊਯਾਰਕ ਦੇ ਕੁਈਨਜ਼ ਆ ਗਈ ਸੀ ਅਤੇ ਹੁਣ ਉਹ 30 ਸਾਲਾਂ ਦੀ ਹੈ। ਉਸਨੇ ਬੈਚਲਰ ਡਿਗਰੀ ਹਾਸਲ ਕਰਨ ਤੋਂ ਬਾਅਦ ਆਪਣੀ ਮਾਸਟਰ ਅਤੇ ਫਿਰ ਡਾਕਟਰੇਟ ਦੀ ਡਿਗਰੀ ਕੀਤੀ।
ਇਸਦੇ ਨਾਲ ਹੀ ਸੈਂਡਰਾ ਅਮਰੀਕਾ ਦੀ ਨਾਗਰਿਕ ਬਣੀ ਅਤੇ ਨਰਸਿੰਗ ਪੇਸ਼ਾ ਅਪਣਾਇਆ। ਲਿੰਡਸੇ, ਜੋ ਕਿ ਕੁਈਨਜ਼ ਦੇ ਨੌਰਥਵੇਲ ਹੈਲਥ ਵਿਚ ਨਾਜ਼ੁਕ ਦੇਖ਼ਭਾਲ ਲਈ ਡਾਇਰੈਕਟਰ ਹੈ, ਨੇ 14 ਦਸੰਬਰ ਨੂੰ ਫਾਈਜ਼ਰ-ਬਾਇਓਨਟੈਕ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਸੀ ਅਤੇ 4 ਜਨਵਰੀ ਨੂੰ ਉਸ ਨੂੰ ਵੈਕਸੀਨ ਦੀ ਦੂਜੀ ਖੁਰਾਕ ਮਿਲੀ। ਮਹਾਮਾਰੀ ਦੌਰਾਨ ਉਸ ਨੇ ਮਰੀਜ਼ਾਂ ਦੀ ਜਿੰਦਗੀ ਲਈ ਲੜਨ ’ਚ ਸਹਾਇਤਾ ਕੀਤੀ ਅਤੇ ਸਭ ਤੋਂ ਪਹਿਲਾਂ ਟੀਕਾਕਰਨ ਕਰਵਾ ਕੇ ਆਪਣੀਆਂ ਸਾਥੀ ਨਰਸਾਂ ਨੂੰ ਵੀ ਸੁਰੱਖਿਅਤ ਕੀਤਾ।

Share