ਬਾਇਡਨ ਵੱਲੋਂ ਅਮਰੀਕੀਆਂ ਨੂੰ ਆਰਥਿਕ ਰਾਹਤ ਦੇਣ ਦੇ ਹੁਕਮ ’ਤੇ ਦਸਤਖ਼ਤ

99
Share

ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਈ ਸਰਕਾਰੀ ਤੇ ਕਾਰਜਕਾਰੀ ਹੁਕਮਾਂ ਉੱਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਵਿਚੋਂ ਇਕ ਹੁਕਮ ਕੋਰੋਨਾਵਾਇਰਸ ਦੀ ਮਾਰ ਨਾਲ ਪ੍ਰਭਾਵਿਤ ਅਮਰੀਕੀ ਅਰਥ ਵਿਵਸਥਾ ਦੀ ਹਾਲਤ ਵਿਚ ਸੁਧਾਰ ਲਿਆਉਣ ਨਾਲ ਸਬੰਧਤ ਹੈ। ਇਸ ਮਹਾਮਾਰੀ ਕਾਰਨ 1.8 ਕਰੋੜ ਅਮਰੀਕੀ ਬੇਰੁਜ਼ਗਾਰ ਹੋ ਗਏ ਹਨ।¿;
ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਤੀਜੇ ਦਿਨ ਬਾਇਡਨ ਨੇ ਅਮਰੀਕੀਆਂ ਲਈ ਬਚਾਅ ਯੋਜਨਾ ਦੀ ਘੋਸ਼ਣਾ ਕੀਤੀ ਹੈ। ਇਸ ਤਹਿਤ ਉਨ੍ਹਾਂ ਅਮਰੀਕੀਆਂ ਨੂੰ ਆਰਥਿਕ ਰਾਹਤ ਪ੍ਰਦਾਨ ਕੀਤੀ ਜਾਵੇਗੀ, ਜੋ ਕੋਰੋਨਾਵਾਇਰਸ ਮਹਾਮਾਰੀ ਕਾਰਨ ਸੰਕਟ ’ਚ ਹਨ। ਬਾਇਡੇਨ ਨੇ ਕਿਹਾ, ‘‘ਅਸੀਂ ਲੋਕਾਂ ਨੂੰ 2 ਹਜ਼ਾਰ ਡਾਲਰ ਦੇ ਸਿੱਧੇ ਭੁਗਤਾਨ ਦਾ ਕੰਮ ਪੂਰਾ ਕਰਾਂਗੇ। ਪਹਿਲਾਂ ਜੋ 600 ਡਾਲਰ ਮਨਜ਼ੂਰ ਕੀਤੇ ਗਏ ਹਨ, ਉਹ ਕਾਫੀ ਨਹੀਂ ਹਨ। ਇੰਨੀ ਰਾਸ਼ੀ ਵਿਚ ਜੇਕਰ ਤੁਹਾਨੂੰ ਕਿਰਾਇਆ ਦੇਣ ਜਾਂ ਭੋਜਨ ਖਰੀਦਣ ਦੇ ਬਦਲ ਨੂੰ ਚੁਣਨਾ ਪਵੇ, ਤਾਂ ਇਹ ਸੌਖਾ ਨਹੀਂ ਹੋਵੇਗਾ।’’
ਜੋਅ ਬਾਇਡਨ ਨੇ ਵ੍ਹਾਈਟ ਹਾਊਸ ’ਚ ਆਪਣੇ ਸੰਬੋਧਨ ’ਚ ਕਿਹਾ, ‘‘ਅਸੀਂ ਆਪਣੇ ਲੋਕਾਂ ਨੂੰ ਭੁੱਖਾ ਨਹੀਂ ਛੱਡ ਸਕਦੇ। ਅਸੀਂ ਲੋਕਾਂ ਨੂੰ ਉਸ ਕਾਰਨ ਘਰ ਖਾਲੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ, ਜਿਸ ਪਿੱਛੇ ਉਹ ਖੁਦ ਨਹੀਂ ਹਨ।’’ ਬਾਇਡਨ ਨੇ ਕਿਹਾ ਕਿ ਉਸ ਦੀ ਇਸ ਰਾਹਤ ਯੋਜਨਾ ਨਾਲ ਅਰਥ ਵਿਵਸਥਾ ਵਧੇਰੇ ਤੇਜ਼ੀ ਨਾਲ ਪੂਰੇ ਰੁਜ਼ਗਾਰ ਵੱਲ ਵਧੇਗੀ। ਬਾਇਡਨ ਨੇ 15 ਜਨਵਰੀ ਨੂੰ ਅਮਰੀਕੀ ਅਰਥ ਵਿਵਸਥਾ ਲਈ 1900 ਅਰਬ ਡਾਲਰ ਦੇ ਕੋਰੋਨਾਵਾਇਰਸ ਰਾਹਤ ਪੈਕਜ ਦੀ ਘੋਸ਼ਣਾ ਕੀਤੀ ਸੀ।

Share