ਬਾਇਡਨ ਪ੍ਰਸ਼ਾਸਨ ਵੱਲੋਂ ਭਾਰਤ ਸਰਕਾਰ ਦੀ ‘ਮੇਕ ਇੰਨ ਇੰਡੀਆ’ ਮੁਹਿੰਮ ਤੇ ਵਪਾਰ ਨੀਤੀਆਂ ’ਤੇ ਚਿੰਤਾ ਜ਼ਾਹਿਰ

62
Share

ਵਾਸ਼ਿੰਗਟਨ, 3 ਮਾਰਚ (ਪੰਜਾਬ ਮੇਲ)- ਭਾਰਤ ਵਿਚ ਮੋਦੀ ਸਰਕਾਰ ਦੀ ‘ਮੇਕ ਇੰਨ ਇੰਡੀਆ’ ਮੁਹਿੰਮ ਅਤੇ ਵਪਾਰ ਨੀਤੀਆਂ ਸਬੰਧੀ ਬਾਇਡਨ ਪ੍ਰਸ਼ਾਸਨ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਬਾਇਡਨ ਪ੍ਰਸ਼ਾਸਨ ਨੇ ਅਮਰੀਕੀ ਕਾਂਗਰਸ ਨੂੰ ਦੱਸਿਆ ਕਿ ਭਾਰਤ ਵੱਲੋਂ ਉਕਤ ਮੁਹਿੰਮ ’ਤੇ ਜ਼ੋਰ ਦੇਣਾ ਅਮਰੀਕਾ-ਭਾਰਤ ਦੇ ਦੋ-ਪੱਖੀ ਵਪਾਰ ’ਚ ਵੱਡੀਆਂ ਚੁਣੌਤੀਆਂ ਨੂੰ ਦਰਸਾਉਂਦਾ ਹੈ। 2021 ਲਈ ਵਪਾਰ ਨੀਤੀ ’ਤੇ ਆਈ ਰਿਪੋਰਟ ’ਚ ਯੂ.ਐੱਸ. ਟਰੇਡ ਰੀਪ੍ਰੀਜੈਂਟੇਟਿਵ (ਯੂ.ਐੱਸ.ਟੀ.ਆਰ.) ਨੇ ਕਿਹਾ ਕਿ ਸਾਲ 2020 ’ਚ ਅਮਰੀਕਾ ਵੱਲੋਂ ਭਾਰਤੀ ਬਾਜ਼ਾਰ ’ਚ ਪਹੁੰਚ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਗਈ। ਯੂ.ਐੱਸ.ਟੀ.ਆਰ. ਨੇ ਕਿਹਾ ਕਿ ਭਾਰਤ ਦੀਆਂ ਵਪਾਰ ਨੀਤੀਆਂ ਤੋਂ ਅਮਰੀਕੀ ਨਿਵੇਸ਼ਕਾਂ ’ਤੇ ਵੀ ਅਸਰ ਪਿਆ ਹੈ।
ਸਾਲ 2020 ’ਚ ਵੀ ਦੋਹਾਂ ਪੱਖਾਂ ਵਿਚ ਇਸ ਮੁੱਦੇ ’ਤੇ ਗੱਲਬਾਤ ਜਾਰੀ ਰਹੀ। ਰਿਪੋਰਟ ਮੁਤਾਬਕ, ਅਮਰੀਕਾ ਚਾਹੁੰਦਾ ਹੈ ਕਿ ਭਾਰਤ ਕਈ ਟੈਰਿਫ ’ਚ ਕਟੌਤੀ ਕਰੇ ਅਤੇ ਬਾਜ਼ਾਰ ਵਿਚ ਅਮਰੀਕੀ ਕੰਪਨੀਆਂ ਦੀ ਪਹੁੰਚ ਹੋਰ ਆਸਾਨ ਹੋਵੇ। ਇਸ ਦੇ ਇਲਾਵਾ ਗੈਰ ਟੈਰਿਫ ਬੈਰੀਅਰਜ਼ ਸਬੰਧੀ ਵੀ ਕੁਝ ਵਿਵਾਦ ਹਨ। ਰਿਪੋਰਟ ਮੁਤਾਬਕ ਅਮਰੀਕਾ ਨੇ ਸਾਲ 2020 ’ਚ ਦੋ-ਪੱਖੀ ਵਪਾਰ ਦੇ ਸਾਰੇ ਮੁੱਦਿਆਂ ਸੰਬੰਧੀ ਆਪਣੀਆਂ ਚਿੰਤਾਵਾਂ ਭਾਰਤ ਸਾਹਮਣੇ ਰੱਖੀਆਂ। ਇਸ ’ਚ ਬੌਧਿਕ ਜਾਇਦਾਦ ਸੁਰੱਖਿਆ ਅਤੇ ਲਾਗੂ ਕਰਨਾ, ਇਲੈਕਟ੍ਰਾਨਿਕ ਕਾਮਰਸ ਅਤੇ ਡਿਜੀਟਲ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਅਤੇ ਗੈਰ ਖੇਤੀ ਉਤਪਾਦਾਂ ਦੀ ਬਾਜ਼ਾਰ ’ਚ ਪਹੁੰਚ ਜਿਹੇ ਮੁੱਦੇ ਸ਼ਾਮਲ ਸਨ।

Share