ਬਾਇਡਨ ਪ੍ਰਸ਼ਾਸਨ ਵੱਲੋਂ ਨਵੀਂ ਡਿਫੈਂਸ ਪਾਲਿਸੀ ’ਚ ਚੀਨ ਨੂੰ ਦੁਸ਼ਮਣ ਨੰਬਰ-1 ਹੋਣ ਦਾ ਐਲਾਨ

97
Share

ਵਾਸ਼ਿੰਗਟਨ, 7 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਜੋਅ ਬਾਇਡਨ ਪ੍ਰਸ਼ਾਸਨ ਨੇ ਨਵੀਂ ਡਿਫੈਂਸ ਪਾਲਸੀ ’ਚ ਚੀਨ ਨੂੰ ਦੁਸ਼ਮਣ ਨੰਬਰ-1 ਹੋਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ਨੂੰ ਹਿੰਦ-ਪ੍ਰਸ਼ਾਂਤ ਅਤੇ ਹੋਰਨਾਂ ਖੇਤਰਾਂ ’ਚ ਸਬਕ ਸਿਖਾਉਣ ਲਈ ਆਪਣੇ ਸਹਿਯੋਗੀਆਂ ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਨੂੰ ਜਲਦ ਤੋਂ ਜਲਦ ਸਹਿਯੋਗ ਕਰਨ ਦੀ ਇੱਛਾ ਜਤਾਈ ਹੈ। ਕੁਆਡ ਦੇਸ਼ਾਂ ਵਿਚ ਜਾਪਾਨ, ਭਾਰਤ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ। ਚਾਰਾਂ ਦੇਸ਼ਾਂ ਨੇ 2007 ’ਚ ਹਿੰਦ ਪ੍ਰਸ਼ਾਂਤ ਖੇਤਰ ’ਚ ਚੀਨ ਦੇ ਹਮਲਾਵਰ ਰਵੱਈਏ ਦਾ ਮੁਕਾਬਲਾ ਕਰਨ ਲਈ ਕੁਆਡ ਜਾਂ ਚਾਰ ਦੇਸ਼ਾਂ ਦਾ ਗਠਜੋੜ ਬਣਾਉਣ ਦੇ ਪ੍ਰਸਤਾਵ ਨੂੰ ਪੂਰਣ ਰੂਪ ਦਿੱਤਾ ਸੀ।
ਬਾਇਡਨ ਦੀ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ ’ਤੇ ਅਮਰੀਕਾ ਦੀ 24 ਪੇਜਾਂ ਵਾਲੀ ਰਾਸ਼ਟਰੀ ਸੁਰੱਖਿਆ ਨੀਤੀ ’ਚ ਚੀਨ ਨੂੰ ਮੁੱਖ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਹੈ। ਦਰਅਸਲ ਬਾਇਡਨ ਵੱਲੋਂ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦੁਨੀਆਂ ਨੂੰ ਉਨ੍ਹਾਂ ਦੀ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ ਦਾ ਇੰਤਜ਼ਾਰ ਸੀ। ਰਾਸ਼ਟਰਪਤੀ ਚੋਣਾਂ ਦੌਰਾਨ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਈ ਫੈਸਲਿਆਂ ਦੀ ਨਿੰਦਾ ਕੀਤੀ ਸੀ। ਖਾਸ ਕਰਕੇ ਚੀਨ ਅਤੇ ਈਰਾਨ ਦੀ ਹਮਲਾਵਰ ਨੀਤੀ ਸਬੰਧੀ ਉਹ ਟਰੰਪ ਦੇ ਖਾਸ ਵਿਰੋਧੀ ਸਨ। ਅਜਿਹੇ ਵਿਚ ਸੱਤਾ ਸੰਭਾਲਣ ਤੋਂ ਬਾਅਦ ਦੁਨੀਆਂ ਦੀਆਂ ਨਜ਼ਰਾਂ ਬਾਇਡਨ ਦੀ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ ’ਤੇ ਬਣੀ ਹੋਈ ਸੀ ਪਰ ਬਾਇਡਨ ਦੀ ਰਾਸ਼ਟਰੀ ਸੁਰੱਖਿਆ ਨੀਤੀ ’ਚ ਚੀਨ ਨੂੰ ਅਮਰੀਕਾ ਦਾ ਦੁਸ਼ਮਣ ਨੰਬਰ-ਵਨ ਮੰਨਿਆ ਗਿਆ ਹੈ।

Share