ਬਾਇਡਨ ਪ੍ਰਸ਼ਾਸਨ ਵੱਲੋਂ ਆਰ.ਐੱਸ.ਐੱਸ. ਤੇ ਭਾਜਪਾ ਨਾਲ ਸਬੰਧ ਰੱਖਣ ਵਾਲੇ 2 ਲੋਕਾਂ ਨੂੰ ਟੀਮ ’ਚੋਂ ਕੀਤਾ ਬਾਹਰ

97
Share

ਵਾਸ਼ਿੰਗਟਨ, 25 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)-ਜੋਅ ਬਾਇਡਨ ਪ੍ਰਸ਼ਾਸਨ ’ਚ ਉਨ੍ਹਾਂ ਡੈਮੋਕਰੈਟਿਕ ਹਸਤੀਆਂ ਨੂੰ ਥਾਂ ਨਹੀਂ ਮਿਲੀ ਹੈ, ਜਿਹੜੇ ਕਿਸੇ ਨਾ ਕਿਸੇ ਰੂਪ ’ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਜਾਂ ਭਾਜਪਾ ਨਾਲ ਜੁੜੇ ਹੋਏ ਹਨ। ਜੋਅ ਬਾਇਡਨ ਦੀ ਚੋਣ ਮੁਹਿੰਮ ਲਈ ਕੰਮ ਕਰਨ ਵਾਲੀ ਤੇ ਓਬਾਮਾ ਪ੍ਰਸ਼ਾਸਨ ’ਚ ਰਹੀ ਗੁਜਰਾਤੀ ਮੂਲ ਦੀ ਮਹਿਲਾ ਸੋਨਲ ਸ਼ਾਹ ਨੂੰ ਨਵੇਂ ਰਾਸ਼ਟਰਪਤੀ ਪ੍ਰਸ਼ਾਸਨ ਵਿਚ ਵੀ ਥਾਂ ਨਹੀਂ ਮਿਲੀ ਹੈ।
ਗੁਜਰਾਤੀ ਮੂਲ ਦੇ ਅਮਿਤ ਜਾਨੀ ਨੇ ਵੀ ਬਾਇਡਨ ਦੀ ਚੋਣ ਮੁਹਿੰਮ ਲਈ ਕੰਮ ਕੀਤਾ ਪਰ ਉਹ ਵੀ ਨਵੀਂ ਟੀਮ ਵਿਚ ਆਪਣੀ ਥਾਂ ਨਹੀਂ ਬਣਾ ਸਕੇ, ਜਿਸ ਦਾ ਕਾਰਨ ਉਨ੍ਹਾਂ ਦਾ ਭਾਜਪਾ-ਆਰ.ਐੱਸ.ਐੱਸ. ਨਾਲ ਸਬੰਧ ਹੋਣਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੇ ਪਾਰਟੀ ਤੇ ਸੰਘ ਨਾਲ ਰਾਬਤੇ ਨੂੰ ਕਰੀਬ ਦਰਜਨ ਭਾਰਤੀ-ਅਮਰੀਕੀ ਸੰਗਠਨ ਜੱਗ ਜ਼ਾਹਿਰ ਕਰ ਚੁੱਕੇ ਹਨ। ਇਥੇ ਜ਼ਿਕਰਯੋਗ ਹੈ ਕਿ ਸੋਨਲ ਸ਼ਾਹ ਦੇ ਪਿਤਾ ‘ਓਵਰਸੀਜ਼ ਫਰੈਂਡਜ਼ ਆਫ਼ ਬੀ.ਜੇ.ਪੀ.-ਯੂ.ਐੱਸ.ਏ.’ ਦੇ ਪ੍ਰਧਾਨ ਤੇ ਆਰ.ਐੱਸ.ਐੱਸ. ਵੱਲੋਂ ਚਲਾਏ ਜਾਂਦੇ ‘ਏਕਲ ਵਿਦਿਆਲਿਆ’ ਦੇ ਸੰਸਥਾਪਕ ਹਨ। ਸ਼ਾਹ ਉਨ੍ਹਾਂ ਲਈ ਫੰਡ ਇਕੱਤਰ ਕਰਦੀ ਰਹੀ ਹੈ। ਜਾਨੀ ਬਾਰੇ ਸਾਹਮਣੇ ਆਇਆ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਸਬੰਧ ਪ੍ਰਧਾਨ ਮੰਤਰੀ ਮੋਦੀ ਤੇ ਹੋਰ ਭਾਜਪਾ ਆਗੂਆਂ ਨਾਲ ਹਨ।

Share