ਬਾਇਡਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਟਰੰਪ ਹਮਾਇਤੀਆਂ ਵੱਲੋਂ ਹਿੰਸਾ ਫੈਲਾਏ ਜਾਣ ਦੇ ਖਦਸ਼ੇ ਕਾਰਨ ਹਾਈ ਅਲਰਟ

125
Share

ਟਰੰਪ ਸਮਰਥਕਾਂ ਦੀ ਧਮਕੀ ਤੋਂ ਬਾਅਦ ਅਮਰੀਕਾ ਦੇ ਸਾਰੇ ਸੂਬਿਆਂ ’ਚ ਚਿਤਾਵਨੀ ਜਾਰੀ
ਵਾਸ਼ਿੰਗਟਨ, 18 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਾਇਤੀਆਂ ਵਲੋਂ ਹਿੰਸਾ ਫੈਲਾਏ ਜਾਣ ਦੇ ਡਰ ਨੂੰ ਧਿਆਨ ਵਿਚ ਰੱਖਦਿਆਂ ਦੇਸ਼ ਦੇ ਸਭ 50 ਸੂਬਿਆਂ ’ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਬਾਇਡਨ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਪਿਛਲੇ ਹਫਤੇ ਵਾਂਗ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਾ ਹੋਵੇ, ਲਈ ਰਾਸ਼ਟਰੀ ਗਾਰਡ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਟਰੰਪ ਹਮਾਇਤੀ ਬਾਇਡਨ ਦੇ ਸਹੁੰ ਚੁੱਕ ਸਮਾਗਮ ਵਿਚ ਵਿਘਨ ਪਾਉਣ ਲਈ ਸਭ ਸੂਬਿਆਂ ’ਚ ਹਥਿਆਰਬੰਦ ਪ੍ਰਦਰਸ਼ਨ ਕਰ ਸਕਦੇ ਹਨ।
ਅਮਰੀਕਾ ਦੀ ਸੁਰੱਖਿਆ ਏਜੰਸੀ ਐੱਫ.ਬੀ.ਆਈ. ਨੇ ਸਾਰੇ 50 ਸੂਬਿਆਂ ਦੀਆਂ ਰਾਜਧਾਨੀਆਂ ’ਚ ਟਰੰਪ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਸੰਭਾਵਿਤ ਹਥਿਆਰਬੰਦ ਮਾਰਚ ਦੀ ਚਿਤਾਵਨੀ ਤੋਂ ਬਾਅਦ ਸਾਵਧਾਨੀ ਦੇ ਤੌਰ ’ਤੇ ਡੀ.ਸੀ. ’ਚ ਨੈਸ਼ਨਲ ਮਾਲ ਨੂੰ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਬਾਇਡਨ ਦੇ ਸਹੁੰ ਚੁੱਕ ਸਮਾਗਮ ’ਚ ਸੁਰੱਖਿਆ ਦੇ ਕਈ ਪ੍ਰਬੰਧ ਹੋਣਗੇ। ਟਰੰਪ ਸਮਰਥਕਾਂ ਵੱਲੋਂ ਕੋਈ ਬਵਾਲ ਜਾਂ ਕਿਸੇ ਤਰ੍ਹਾਂ ਦੀ ਘਟਨਾ ਨਾ ਹੋਵੇ ਇਸ ਦੇ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

Share