ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ : ਸੁਮੇਧ ਸਿੰਘ ਸੈਣੀ ਵਿਰੁੱਧ ਕੇਸ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ

108
Share

ਫਰੀਦਕੋਟ, 1 ਫਰਵਰੀ (ਪੰਜਾਬ ਮੇਲ)- ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਵਿੱਚ ਨਾਮਜ਼ਦ ਕੀਤੇ ਗਏ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਪੰਜਾਬ ਦੇ ਗ੍ਰਹਿ ਵਿਭਾਗ ਨੇ ਕੇਸ ਚਲਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਡੀਜੀਪੀ ਸੈਣੀ ਵਿਰੁੱਧ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਕੋਲੋਂ ਲਿਖਤੀ ਇਜਾਜ਼ਤ ਮੰਗੀ ਸੀ, ਜੋ ਫ਼ੌਜਦਾਰੀ ਕਾਨੂੰਨ ਮੁਤਾਬਕ ਲਾਜ਼ਮੀ ਸੀ।

ਗ੍ਰਹਿ ਵਿਭਾਗ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਵਿਸ਼ੇਸ਼ ਜਾਂਚ ਟੀਮ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੀ ਗਵਾਹੀ ਦੀ ਜਾਂਚ ਕਰਨ ਬਾਅਦ ਹੁਕਮ ਦਿੱਤੇ ਹਨ ਕਿ ਸਾਬਕਾ ਡੀਜੀਪੀ ਸੈਣੀ ਵਿਰੁੱਧ ਇਕੱਠੇ ਕੀਤੇ ਗਏ ਸਬੂਤ ਉਸ ਵਿਰੁੱਧ ਕੇਸ ਚਲਾਉਣ ਲਈ ਕਾਫ਼ੀ ਹਨ। ਇਸ ਲਈ ਇਸ ਸਾਬਕਾ ਪੁਲਿਸ ਅਧਿਕਾਰੀ ਵਿਰੁੱਧ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਜਾਂਚ ਟੀਮ ਦੇ ਵਿਸ਼ੇਸ਼ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਨੂੰਨੀ ਤੌਰ ’ਤੇ ਲੋੜੀਂਦੇ ਦਸਤਾਵੇਜ਼ ਅਦਾਲਤ ਵਿੱਚ ਪੇਸ਼ ਕਰ ਦਿੱਤੇ ਗਏ ਹਨ। ਇਲਾਕਾ ਮੈਜਿਸਟਰੇਟ ਨੇ ਸਾਬਕਾ ਡੀਜੀਪੀ ਨੂੰ ਹੁਕਮ ਦਿੱਤੇ ਹਨ ਕਿ ਉਹ 9 ਫਰਵਰੀ ਨੂੰ ਅਦਾਲਤ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋਵੇ।


Share