ਬਲਬੀਰ ਸਿੰਘ ਸਿੱਧੂ ਜ਼ਿਲਾ ਹਸਪਤਾਲ ਅੰਮਿ੍ਰਤਸਰ ਦੇ ਇੰਚਾਰਜ ਐਸ.ਐਮ.ਓ. ਅਰੁਣ ਸ਼ਰਮਾ ਦੇ ਦਾਹ-ਸੰਸਕਾਰ ਮੌਕੇ ਸ਼ਾਮਲ ਹੋਏ

225
Share

ਕੋਵਿਡ-19 ਤੋਂ ਪੀੜਤ ਡਾ. ਸ਼ਰਮਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਚੰਡੀਗੜ, 31 ਅਗਸਤ (ਪੰਜਾਬ ਮੇਲ)-  ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸਿਵਲ ਹਸਪਤਾਲ ਅੰਮਿ੍ਰਤਸਰ ਦੇ ਇੰਚਾਰਜ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੁਣ ਸ਼ਰਮਾ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਲ ਹੋਏ। ਡਾ. ਸ਼ਰਮਾ ਕੋਵਿਡ -19 ਤੋਂ ਪੀੜਤ ਸਨ ਜਿਨਾਂ ਨੇ ਅੱਜ ਸਵੇਰੇ ਅੰਮਿ੍ਰਤਸਰ ਦੇ ਜ਼ਿਲਾ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ।

ਡਾ. ਸ਼ਰਮਾ ਦੇ ਅਚਾਨਕ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਹ ਸਿਹਤ ਵਿਭਾਗ ਦੇ ਇਕ ਹੋਣਹਾਰ ਅਤੇ ਮਿਹਨਤੀ ਅਧਿਕਾਰੀਆਂ ਵਿਚੋਂ ਸਨ ਜਿਨਾਂ ਦੀ ਉਮਰ ਸਿਰਫ਼ 53 ਸਾਲ ਸੀ। ਉਹ ਮਾਰਚ ਤੋਂ ਹੀ ਕੋਵਿਡ-19 ਵਿਰੁੱਧ ਮੋਹਰਲੀ ਕਤਾਰ ਵਿੱਚ ਲੜ ਰਹੇ ਸਨ ਅਤੇ ਜ਼ਿਲਾ ਹਸਪਤਾਲ ਅੰਮਿ੍ਰਤਸਰ ਵਿੱਚ ਦਿਨ ਰਾਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਸਨ। ਉਸ ਨੂੰ ਆਪਣੀਆਂ ਸੇਵਾਵਾਂ ਲਈ ਹਮੇਸ਼ਾ ਇੱਕ ਸੱਚੇ ਕੋਰੋਨਾ ਯੋਧੇ ਵਜੋਂ ਯਾਦ ਕੀਤਾ ਜਾਵੇਗਾ।

ਸ. ਸਿੱਧੂ ਨੇ ਕਿਹਾ ਕਿ ਉਹ ਦਿਲ ਦੇ ਮਰੀਜ਼ ਸਨ। ਬਾਅਦ ਵਿੱਚ ੳਨਾਂ ਨੂੰ ਅੰਮਿ੍ਰਤਸਰ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ੳਨਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ। ਪੀਜੀਆਈ ਦੇ ਮਾਹਿਰ ਡਾਕਟਰ ਉਨਾਂ ਦੀ ਸਿਹਤ ਦਾ ਖ਼ਿਆਲ ਰੱਖ ਰਹੇ ਸਨ ਅਤੇ ਰਾਜ ਸਰਕਾਰ ਵੱਲੋਂ ਉਨਾਂ ਨੂੰ ਪੀਜੀਆਈ ਜਾਂ ਮੇਦਾਂਤਾ ਹਸਪਤਾਲ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਅੱਜ ਸਵੇਰ ਦਿਲ ਦਾ ਦੌਰਾ ਪੈਣ ਨਾਲ ਉਨਾਂ ਦਾ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, ਬੇਟੀ ਅਤੇ ਬੇਟੇ ਨੂੰ ਛੱਡ ਗਏ ਹਨ।

ਸ. ਸਿੱਧੂ ਨੇ ਡਾ. ਅਰੁਣ ਸ਼ਰਮਾ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ। ਉਨਾਂ ਕਿਹਾ ਕਿ ਡਾ. ਸ਼ਰਮਾ ਦੀ ਮੌਤ ਨਾਲ ਪਰਿਵਾਰ ਨੂੰ ਹੀ ਨਹੀਂ ਬਲਕਿ ਸਿਹਤ ਵਿਭਾਗ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਉਨਾਂ ਕਿਹਾ ਕਿ ਵਿਭਾਗ ਉਨਾਂ ਦੀਆਂ  ਸੁਹਿਰਦ ਸੇਵਾਵਾਂ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਦੁਖੀ ਪਰਿਵਾਰ ਨਾਲ ਖੜਾ ਰਹੇਗਾ।

ਗੌਰਤਲਬ ਹੈ ਕਿ ਡਾ. ਅਰੁਣ ਸ਼ਰਮਾ ਨੇ ਮੈਡੀਕਲ ਕਾਲਜ ਅੰਮਿ੍ਰਤਸਰ ਤੋਂ ਐਮਡੀ ਟ੍ਰਾਂਸਫਿਊਜ਼ਨ ਕੀਤੀ ਸੀ ਅਤੇ ਕਮਿਉਨਟੀ ਹੈਲਥ ਸੈਂਟਰ ਫਤਿਹਗੜ ਚੂੜੀਆਂ ਵਿਖੇ ਐਸਐਮਓ ਰਹੇ। ਬਲੱਡ ਟਰਾਂਸਫਿਊਜ਼ਨ ਅਧਿਕਾਰੀ ਵਜੋਂ ਉਨਾਂ ਨੇ ਬਲੱਡ ਬੈਂਕ ਅੰਮਿ੍ਰਤਸਰ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ। 


Share