ਬਰੈਂਪਟਨ ਤੋਂ ਐੱਮ.ਪੀ. ਰਮੇਸ਼ ਸੰਘਾ ਨੂੰ ਲਿਬਰਲ ਪਾਰਟੀ ਕਾਕਸ ਨੇ ਦਿਖਾਇਆ ਬਾਹਰ ਦਾ ਰਸਤਾ!

110
Share

ਨਿਊਯਾਰਕ/ਟੋਰਾਂਟੋ, 26 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੀ ਸਿਆਸਤ ’ਚ ਬੀਤੇ ਦਿਨੀਂ ਮੰਤਰੀ ਨਵਦੀਪ ਬੈਂਸ ਨੇ ਅਸਤੀਫ਼ਾ ਦੇ ਦਿੱਤਾ ਤੇ ਅੱਗੇ ਤੋਂ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਸੀ। ਹੁਣ ਬਰੈਂਪਟਨ ਤੋਂ ਐੱਮ. ਪੀ. ਰਮੇਸ਼ ਸੰਘਾ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। ਆਪਣੀ ਹੀ ਪਾਰਟੀ ਦੇ ਹੋਰਨਾਂ ਆਗੂਆਂ ਖ਼ਾਸਕਰ ਨਵਦੀਪ ਸਿੰਘ ਬੈਂਸ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ਾਂ ਤਹਿਤ ਬਰੈਂਪਟਨ ਦੇ ਲਿਬਰਲ ਐੱਮ.ਪੀ. ਰਮੇਸ਼ ਸੰਘਾ ਨੂੰ ਪਾਰਟੀ ਕਾਕਸ ਤੋਂ ਬਾਹਰ ਕੱਢਿਆ ਗਿਆ ਹੈ।
ਪਿਛਲੇ ਦਿਨੀਂ ਟੋਰਾਂਟੋ ਦੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਨਵਦੀਪ ਸਿੰਘ ਬੈਂਸ ਦੇ ਸਬੰਧ ਵਿਚ ਵੱਖਵਾਦੀ ਤਾਕਤਾਂ ਨਾਲ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਸੀ। ਇਨ੍ਹਾਂ ਦੋਸ਼ਾਂ ਨੂੰ ਖ਼ਤਰਨਾਕ ਤੇ ਗੰਭੀਰ ਦੱਸਦਿਆਂ ਲਿਬਰਲ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਰਮੇਸ਼ ਸੰਘਾ ਅਕਸਰ ਹੀ ਇਹੋ ਜਿਹੇ ਬਿਆਨਾਂ ਕਾਰਨ ਚਰਚਾ ਵਿਚ ਰਹਿੰਦੇ ਸਨ, ਜੋ ਲਿਬਰਲ ਪਾਰਟੀ ਦੀ ਸੋਚ ਨਾਲ ਮੇਲ ਨਹੀਂ ਖਾਂਦੇ ਸਨ।
ਸੰਘਾ ਸਾਬਕਾ ਵਕੀਲ ਹਨ, ਜੋ 2015 ’ਚ ਲਿਬਰਲ ਪਾਰਟੀ ਵਲੋਂ ਚੋਣ ਜਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਸੰਘਾ ਨੂੰ ਸੋਮਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਟਰੂਡੋ ਨਾਲ ਗੱਲ ਕਰਨ ਮਗਰੋਂ ਕਾਕਸ ਵਿਚੋਂ ਹਟਾ ਦਿੱਤਾ ਗਿਆ। ਉਹ ਆਜ਼ਾਦ ਤੌਰ ’ਤੇ ਬਰੈਂਪਟਨ ਦੇ ਐੱਮ. ਪੀ. ਰਹਿਣਗੇ ਪਰ ਉਹ ਲਿਬਰਲ ਕਾਕਸ ਦਾ ਹਿੱਸਾ ਨਹੀਂ ਹੋਣਗੇ।

Share