ਬਰੈਂਪਟਨ ‘ਚ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ

430
Share

ਬਰੈਂਪਟਨ/ਸਮਰਾਲਾ, 26 ਅਗਸਤ (ਪੰਜਾਬ ਮੇਲ)- ਬਰੈਂਪਟਨ ‘ਚ ਇਕ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਸ਼ਨਾਖਤ 21 ਸਾਲਾ ਵਿਸ਼ਾਲ ਸਿੰਘ ਵਜੋਂ ਹੋਈ ਹੈ ਅਤੇ ਉਹ ਸਮਰਾਲਾ ਦੇ ਪਿੰਡ ਮੰਜਾਲੀ ਖੁਰਦ ਨਾਲ ਸੰਬੰਧਤ ਸੀ, ਜੋ 2 ਸਾਲ ਪਹਿਲਾਂ ਉਚੇਰੀ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ। ਇੱਥੇ ਪਹੁੰਚ ਕੇ ਵਿਸ਼ਾਲ ਨੇ ਬੀਤੇ ਦਿਨੀਂ ਬਰੈਂਪਟਨ ‘ਚ ਆਪਣੇ ਘਰ ਅੰਦਰ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਪਿੰਡ ਮੰਜਾਲੀ ਖੁਰਦ ਵਿਚ ਵਿਸ਼ਾਲ ਦੇ ਪਰਿਵਾਰ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਬਾਰ੍ਹਵੀਂ ਜਮਾਤ ਪਾਸ ਕਰਕੇ ਪੜ੍ਹਾਈ ਅਗਲੀ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ। ਫੋਨ ਦੇ ਉੱਪਰ ਵਿਸ਼ਾਲ ਦੇ ਨਾਲ ਗੱਲਬਾਤ ਹੁੰਦੀ ਸੀ ਪਰ ਉਸ ਨੇ ਕਦੀ ਵੀ ਕਿਸੇ ਪਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਸ਼ਾਲ ਵੱਲੋਂ ਕਦੇ ਵੀ ਪਰਿਵਾਰ ਨਾਲ ਅਜਿਹੀ ਕੋਈ ਗੱਲ ਸਾਂਝੀ ਨਹੀਂ ਕੀਤੀ ਗਈ, ਜਿਸ ਤੋਂ ਅਜਿਹੇ ਸੰਕੇਤ ਮਿਲਦੇ ਹੋਣ ਕਿ ਉਹ ਖੁਦਕੁਸ਼ੀ ਕਰਨ ਵਾਲਾ ਹੈ।
ਅਚਾਨਕ ਵਿਸ਼ਾਲ ਦੇ ਖੁਦਕੁਸ਼ੀ ਕੀਤੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ। ਵਿਸ਼ਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵਿਸ਼ਾਲ ਦੇ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਪਰਿਵਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ।


Share