ਬਰਨਾਲਾ ’ਚ ਮਜ਼ਦੂਰ ਕਿਸਾਨ ਏਕਤਾ ਮਹਾਂ ਰੈਲੀ: ਹਰ ਪਿੰਡ ’ਚੋਂ 10 ਕਿਸਾਨਾਂ ਦਾ ਜੱਥਾ ਜਾਵੇ ਦਿੱਲੀ

64
Share

– ਪੰਜਾਬ ’ਚ ਕਿਸਾਨਾਂ ਨੂੰ ਗਿ੍ਰਫ਼ਤਾਰ ਕਰਨ ਲਈ ਆਉਂਦੀ ਦਿੱਲੀ ਪੁਲਿਸ ਨੂੰ ਘੇਰਨ ਦਾ ਵੀ ਸੱਦਾ
ਬਰਨਾਲਾ, 21 ਫਰਵਰੀ (ਪੰਜਾਬ ਮੇਲ)- ਅੱਜ ਇਥੇ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ’ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹਰ ਪਿੰਡ ਵਿੱਚੋਂ 10 ਕਿਸਾਨਾਂ ਦਾ ਜੱਥਾ ਦਿੱਲੀ ਜਾਵੇ, ਦਿੱਲੀ ਗਏ ਕਿਸਾਨਾਂ ਦਾ ਕੰਮ ਪਿੰਡਾਂ ਦੇ ਕਿਸਾਨ ਕਰਨ। ਦਿੱਲੀ ਪੁਲਿਸ ਵਲੋਂ ਜਿਨ੍ਹਾਂ ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਕੇਸਾਂ ਨੂੰ ਸੰਯੁਕਤ ਕਿਸਾਨ ਮੋਰਚਾ ਲੜੇਗਾ। ਉਨ੍ਹਾਂ ਕਿਹਾ ਕਿ ਕੋਈ ਕਿਸਾਨ ਪੁਲਿਸ ਅੱਗੇ ਪੇਸ਼ ਨਾ ਹੋਵੇ ਤੇ ਪੰਜਾਬ ਦੇ ਪਿੰਡਾਂ ਵਿਚ ਕਿਸਾਨਾਂ ਨੂੰ ਗਿ੍ਰਫਤਾਰ ਕਰਨ ਆਈ ਦਿੱਲੀ ਪੁਲਿਸ ਦਾ ਘਿਰਾਉਂ ਕੀਤਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਿੱਲੀ ਪੁਲਿਸ ਦਾ ਸਾਥ ਨਾ ਦੇਵੇ। ਸ਼੍ਰੀ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਿਵੇਂ ਹਜ਼ੂਰ ਸਾਹਿਬ ਨਾ ਜਾਣ ਵਾਲੇ ਨੂੰ ਸਿੱਖ ਨਹੀਂ ਮੰਨਿਆ ਜਾਂਦਾ, ਉਸੇ ਤਰ੍ਹਾਂ ਦਿੱਲੀ ਨਾ ਜਾਣ ਵਾਲਾ ਕੋਈ ਵਿਅਕਤੀ ਕਿਸਾਨ ਨਹੀਂ ਹੋਵੇਗਾ। ਉਨ੍ਹਾਂ ਸੱਦਾ ਦਿੱਤਾ ਕਿ ਕਿਸਾਨ ਅੰਦੋਲਨ ਵਿਰੋਧੀ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ’ਤੇ ਲੋਕ ਵਿਸ਼ਵਾਸ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਕੋਈ ਸਮਝੌਤਾ ਨਹੀਂ ਕਰਾਂਗੇ। ਤਿੰਨੇ ਕਾਨੂੰਨ ਰੱਦ ਕਰਵਾ ਕੇ ਮੁੜਾਂਗੇ ਜਾਂ ਸਾਡੀਆਂ ਲਾਸ਼ਾਂ ਮੁੜਨਗੀਆਂ। ਖੇਤੀ ਕਾਨੂੰਨਾਂ ਖ਼ਿਲਾਫ਼ ਖੇਤ ਮਜ਼ਦੂਰ ਯੂਨੀਅਨ ਤੇ ਬੀਕੇਯੂ ਉਗਰਾਹਾਂ ਵੱਲੋਂ ਐਲਾਨੀ ਮਹਾ ਰੈਲੀ ਇਥੇ ਅਨਾਜ ਮੰਡੀ ’ਚ ਸੂਬੇ ਦੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਲੋਕ ਪੁੱਜੇ। ਮਹਾਂ ਰੈਲੀ ਵਿਚ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀਕਲਾਂ, ਜ਼ੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਆਗੂਆਂ ਨੇ ਸ਼ਮੂਲੀਅਤ ਕੀਤੀ। ਬਰਨਾਲਾ ਦੀ ਦਾਣਾ ਮੰਡੀ ਨੂੰ ਕਿਸਾਨੀ ਕਿਲ੍ਹੇ ’ਚ ਤਬਦੀਲ ਕੀਤਾ ਗਿਆ। ਰੈਲੀ ਦੇ ਪ੍ਰਬੰਧਾਂ ਲਈ ਮਹਾਂਰੈਲੀ ਦੇ ਪ੍ਰਬੰਧਕਾਂ ਵਲੋਂ ਇੱਕ ਹਜ਼ਾਰ ਤੋਂ ਵੱਧ ਵਾਲੰਟੀਅਰ ਲਗਾਏ ਗਏ। ਇਸੇ ਤਰ੍ਹਾਂ ਸੁਰੱਖਿਆ ਪ੍ਰਬੰਧਾਂ ਲਈ ਜ਼ਿਲ੍ਹੇ ਤੋਂ ਬਾਹਰੋਂ ਵੀ ਪੁਲਿਸ ਬੁਲਾਈ ਗਈ। ਰੈਲੀ ਵਿਚ ਪਹੁੰਚਣ ਵਾਲੇ ਲੋਕਾਂ ਲਈ ਤਿੰਨ ਥਾਵਾਂ ’ਤੇ ਲੰਗਰ ਦੇ ਪ੍ਰਬੰਧ ਕੀਤੇ ਗਏ।

Share