ਲੰਡਨ, 11 ਅਕਤੂਬਰ (ਪੰਜਾਬ ਮੇਲ)- ਬਰਤਾਨੀਆ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ ਇਸ ਸਾਲ ਭਾਰਤੀ ਮੂਲ ਦੇ ਦੋ ਅਰਬਪਤੀ ਭਰਾਵਾਂ, ਆਕਸਫੋਰਡ ਯੂਨੀਵਰਸਿਟੀ ਦੇ ਮੋਹਰੀ ਪ੍ਰੋਫੈਸਰ ਅਤੇ ਰੱਸੀ ਟੱਪ ਕੇ ਐੱਨ.ਐੱਚ.ਐੱਸ. ਲਈ ਚੰਦਾ ਇਕੱਠਾ ਕਰਨ ਵਾਲੇ 74 ਸਾਲਾ ‘ਸਕਿਪਿੰਗ ਸਿੱਖ’ ਨੂੰ ਸਨਮਾਨਿਤ ਕੀਤਾ ਜਾਵੇਗਾ। ਜਾਰੀ ਸੂਚੀ ਵਿਚ ਜ਼ੁਬੈਰ ਤੇ ਮੋਹਸਿਨ ਈਸਾ ਦਾ ਨਾਂ ਸ਼ਾਮਲ ਹੈ ਜਿਨ੍ਹਾਂ ਯੂਕੇ ਦੀ ਸੁਪਰਮਾਰਕੀਟ ਲੜੀ ‘ਐਸਡਾ’ ਨੂੰ ਕਰੋੜਾਂ ਪਾਊਂਡ ਵਿਚ ਖ਼ਰੀਦਿਆ ਹੈ। ਇਹ ਦੋਵੇਂ ‘ਯੂਰੋ ਗੈਰੇਜਜ਼’ ਪੈਟਰੋਲ ਸਟੇਸ਼ਨਾਂ ਦੇ ਮਾਲਕ ਵੀ ਹਨ। ਆਕਸਫੋਰਡ ਵਿਚ ਈਕੋਸਿਸਟਮ ਸਾਇੰਸ ਦੇ ਪ੍ਰੋਫੈਸਰ ਯਾਦਵਿੰਦਰ ਸਿੰਘ ਮੱਲ੍ਹੀ ਨੂੰ ਵੀ ‘ਸੀ.ਬੀ.ਈ.’ (ਕਮਾਂਡਰ ਆਫ਼ ਦੀ ਮੋਸਟ ਐਕਸੀਲੈਂਟ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਜਾਵੇਗਾ। ਇੰਪੀਰੀਅਲ ਕਾਲਜ ਲੰਡਨ ਵਿਚ ਕੈਮੀਕਲ ਇੰਜਨੀਅਰਿੰਗ ਦੇ ਪ੍ਰੋਫੈਸਰ ਨਿਲੇ ਸ਼ਾਹ, ‘ਹੀਲਿੰਗ ਲਿਟਲ ਹਾਰਟਸ’ ਦੇ ਸੰਸਥਾਪਕ ਡਾ. ਸੰਜੀਵ ਨਿਚਾਨੀ ਨੂੰ ‘ਓ.ਬੀ.ਈ.’ (ਆਫ਼ੀਸਰ ਆਫ਼ ਦੀ ਮੋਸਟ ਐਕਸੀਲੈਂਟ ਆਰਡਰ ਆਫ਼ ਦੀ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਜਾਵੇਗਾ। ‘ਸਕਿਪਿੰਗ ਸਿੱਖ’ ਵਜੋਂ ਮਸ਼ਹੂਰ ਹੋਏ 74 ਸਾਲਾ ਰਾਜਿੰਦਰ ਸਿੰਘ ਹਰਜ਼ੱਲ ਨੂੰ ‘ਐੱਮ.ਬੀ.ਈ.’ (ਮੈਂਬਰ ਆਫ਼ ਦੀ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕੋਵਿਡ ਲੌਕਡਾਊਨ ਦੌਰਾਨ ਪ੍ਰੇਰਿਤ ਕਰਨ ਵਾਲੀਆਂ ਵੀਡੀਓ ਪੋਸਟ ਕੀਤੀਆਂ। ਇਨ੍ਹਾਂ ਵਿਚ ਉਹ ਕਸਰਤ ਕਰਦੇ, ਰੱਸੀ ਟੱਪਦੇ ਨਜ਼ਰ ਆਏ। ਹਰਜ਼ੱਲ ਨੇ ਸਰਕਾਰੀ ਸਿਹਤ ਸੇਵਾ ਐੱਨ.ਐੱਚ.ਐੱਸ. ਲਈ 14 ਹਜ਼ਾਰ ਪਾਊਂਡ ਵੀ ਇਕੱਠੇ ਕੀਤੇ। ‘ਐੱਮ.ਬੀ.ਈ.’ ਪਾਉਣ ਵਾਲੇ ਭਾਰਤੀਆਂ ਵਿਚ ਸੰਦੀਪ ਸਿੰਘ ਦਹੇਲੇ, ਲਵੀਨਾ ਮਹਿਤਾ, ਮਨਜੀਤ ਕੌਰ ਗਿੱਲ, ਪੁਸ਼ਕਲਾ ਗੋਪਾਲ, ਵਸੰਤ ਪਟੇਲ, ਬਲਜੀਤ ਕੌਰ ਸੰਧੂ ਸ਼ਾਮਲ ਹਨ।