ਬਰਤਾਨੀਆਂ ‘ਚ ਕਿਸਾਨਾਂ ਮੁੱਦਿਆਂ ਨੂੰ ਲੈ ਕੇ ਬੋਰਿਸ ਜੌਹਨਸਨ ਨੂੰ 100 ਸੰਸਦ ਮੈਂਬਰਾਂ ਤੇ ਲਾਰਡਾਂ ਦੇ ਹਸਤਾਖ਼ਰਾਂ ਵਾਲਾ ਪੱਤਰ

73
Share

ਜਲੰਧਰ, 10 ਜਨਵਰੀ (ਪੰਜਾਬ ਮੇਲ)-ਬਿ੍ਰਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਸੌ ਸੰਸਦ ਮੈਂਬਰਾਂ ਤੇ ਲਾਰਡਾਂ ਦੇ ਹਸਤਾਖ਼ਰਾਂ ਵਾਲਾ ਪੱਤਰ ਭੇਜਿਆ ਹੈ। ਇਨ੍ਹਾਂ ਐੱਮ.ਪੀਜ਼ ਨੇ ਬੋਰਿਸ ਜੌਹਨਸਨ ਨੂੰ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਤਾਕਤ ਦੀ ਵਰਤੋਂ ਦੇਖ ਕੇ ਉਹ ਫ਼ਿਕਰਮੰਦ ਹਨ। ਪੱਤਰ ਵਿਚ ਸ਼੍ਰੀ ਢੇਸੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜਦੋਂ ਉਹ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਮਿਲਣ ਤਾਂ ਉਹ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ। ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਨੇ ਪੱਤਰ ਵਿਚ ਵੀ ਲਿਖਿਆ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਜਨਵਰੀ ਵਿਚ ਹੋਣ ਵਾਲਾ ਦੌਰਾ ਰੱਦ ਹੋ ਗਿਆ ਹੈ ਪਰ ਉਹ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਾਉਣ ਲਈ ਗੱਲਬਾਤ ਕਰਨ। ਤਨਮਨਜੀਤ ਸਿੰਘ ਢੇਸੀ ਨੇ ਕਿਹਾ, ‘ਮੈਂ ਉਨ੍ਹਾਂ ਸੌ ਤੋਂ ਵੱਧ ਸੰਸਦ ਮੈਂਬਰਾਂ ਤੇ ਲਾਰਡਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਭਾਰਤ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਅੰਦੋਲਨ ਨੂੰ ਤਵੱਜੋ ਦਿੰਦਿਆਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਤੇ ਹਸਤਾਖ਼ਰ ਕੀਤੇ ਹਨ।’ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਸਲੇ ਨੂੰ ਲੰਘੀ 9 ਦਸੰਬਰ ਨੂੰ ਪਾਰਲੀਮੈਂਟ ਵਿਚ ਵੀ ਉਠਾਇਆ ਸੀ, ਜਦੋਂ ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਸੀ ਪਰ ਉਹ ਕਿਸਾਨਾਂ ਦੇ ਘੋਲ ਬਾਰੇ ਪੁੱਛੇ ਸਵਾਲ ਨੂੰ ਠੀਕ ਢੰਗ ਨਾਲ ਸਮਝ ਨਹੀਂ ਸਕੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਇੰਗਲੈਂਡ ’ਚ ਵੱਸਦੇ ਪੰਜਾਬੀਆਂ ਦੇ ਅਹਿਸਾਸਾਂ ਨੂੰ ਸਮਝਣ ਤੇ ਮਨੁੱਖਤਾ ਦੇ ਆਧਾਰ ’ਤੇ ਸ੍ਰੀ ਮੋਦੀ ਨਾਲ ਗੱਲਬਾਤ ਕਰਨ ਤਾਂ ਜੋ ਰੋਸ ਪ੍ਰਗਟ ਕਰ ਰਹੇ ਕਿਸਾਨ ਸੁੱਖੀ-ਸਾਂਦੀ ਆਪਣੇ ਘਰਾਂ ਨੂੰ ਪਰਤ ਸਕਣ।
ਤਨਮਨਜੀਤ ਢੇਸੀ ਨੇ ਕਿਹਾ ਕਿ ਦੁਨੀਆਂ ਭਰ ਵਿਚ ਹਰੇਕ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ ਦਾ ਹੱਕ ਹੈ। ਦਿੱਲੀ ਦੀਆਂ ਬਰੂਹਾਂ ’ਤੇ ਜਿਹੜੇ ਭਾਰਤੀ ਕਿਸਾਨ ਰੋਸ ਪ੍ਰਗਟਾਵਾ ਕਰ ਰਹੇ ਹਨ, ਉਨ੍ਹਾਂ ਦਾ ਸਬੰਧ ਦੁਨੀਆਂ ਭਰ ਵਿਚ ਵੱਸਦੇ ਭਾਰਤੀਆਂ ਨਾਲ ਵੀ ਹੈ। ਇਸ ਕਿਸਾਨੀ ਘੋਲ ਵਿਚ ਭਾਵੇਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਪੰਜਾਬੀਆਂ ਦਾ ਪਿਛੋਕੜ ਬਹੁਤਾ ਸਿੱਖ ਪਰਿਵਾਰਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇੰਗਲੈਂਡ ਵਿਚ ਰਹਿੰਦੇ ਹਨ, ਉਹ ਵੀ ਇਸ ਪ੍ਰਦਰਸ਼ਨ ਵਿਚ ਸ਼ਾਮਲ ਹਨ। ਸ਼੍ਰੀ ਢੇਸੀ ਨੇ ਕਿਹਾ ਕਿ ਉਹ ਖ਼ੁਦ ਵੀ ਕਿਸਾਨੀ ਪਿਛੋਕੜ ਵਾਲੇ ਹਨ।

Share