ਬਰਤਾਨਵੀ ਹਾਈ ਕੋਰਟ ਵਲੋਂ ਮਾਲਿਆ ‘ਨਿਆਂ ਤੋਂ ਭੱਜਿਆ ਹੋਇਆ’ ਭਗੌੜਾ ਕਰਾਰ

ਲੰਡਨ, 10 ਮਈ (ਪੰਜਾਬ ਮੇਲ)- ਬਰਤਾਨੀਆ ਦੀ ਹਾਈ ਕੋਰਟ ਨੇ ਲਗਾਤਾਰ ਦੂਜੇ ਦਿਨ ਭਾਰਤ ਦੇ ਪੱਖ ਵਿਚ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਵਿਚ 9000 ਕਰੋੜ ਰੁਪਏ ਦੀ ਧਾਂਦਲੀ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਅਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਰਅਸਲ ‘ਨਿਆਂ ਤੋਂ ਭੱਜਿਆ ਹੋਇਆ’ ਭਗੌੜਾ ਹੈ। ਬੀਤੇ ਮੰਗਲਵਾਰ ਭਾਰਤ ਦੇ 13 ਸਰਕਾਰੀ ਬੈਂਕਾਂ ਦੇ ਪੱਖ ਵਿਚ ਬਰਤਾਨੀਆ ਹਾਈ ਕੋਰਟ ਦੇ ਜੱਜ ਐਂਡਰਿਊ ਹੇਨਸ਼ਾ ਨੇ ਫ਼ੈਸਲਾ ਸੁਣਾਇਆ ਸੀ।
ਹੁਣ ਬੁੱਧਵਾਰ ਨੂੰ ਉਨ੍ਹਾਂ ਨੇ ਇਸ ਗੱਲ ‘ਤੇ ਧਿਆਨ ਦਿੱਤਾ ਕਿ ਵਿੱਤੀ ਬੇਨਿਯਮੀਆਂ ਕਾਰਨ ਹੀ ਮਾਲਿਆ ‘ਤੇ ਭਾਰਤ ਨੂੰ ਹਵਾਲਗੀ ਕਰਨ ਦਾ ਕੇਸ ਵੀ ਚੱਲ ਰਿਹਾ ਹੈ। ਜੱਜ ਨੇ ਕਿਹਾ ਕਿ ਸਾਰੇ ਹਾਲਾਤ ਅਤੇ ਤੱਥਾਂ ਦੀ ਪਰਖ ਕਰਨ ਪਿੱਛੋਂ ਇਹ ਵੀ ਵੇਖਿਆ ਜਾ ਸਕਦਾ ਹੈ ਕਿ 62 ਸਾਲਾ ਮਾਲਿਆ ਖ਼ਿਲਾਫ਼ ਹਵਾਲਗੀ ਦੇ ਵੀ ਠੋਸ ਦੋਸ਼ ਹਨ। ਇਸ ਗੱਲ ਦਾ ਵੀ ਆਧਾਰ ਹੈ ਕਿ ਮਾਲਿਆ ਨਿਆਂ ਤੋਂ ਭੱਜਿਆ ਹੋਇਆ ਭਗੌੜਾ ਹੈ। ਬਰਤਾਨਵੀ ਹਾਈ ਕੋਰਟ ਮਾਲਿਆ ਦੇ ਇਸ ਦਾਅਵੇ ਨਾਲ ਵੀ ਇਤਫ਼ਾਕ ਨਹੀਂ ਰੱਖਦੀ ਕਿ ਉਹ ਸੰਨ 1988 ਤੋਂ ਪ੍ਰਵਾਸੀ ਭਾਰਤੀ (ਐੱਨਆਰਆਈ) ਹੈ ਅਤੇ ਇੰਗਲੈਂਡ ਵਿਚ ਸੰਨ 1992 ਤੋਂ ਰਹਿ ਰਿਹਾ ਹੈ। ਅਦਾਲਤ ਨੇ ਪਾਇਆ ਕਿ ਅਜਿਹੇ ਸਬੂਤ ਹਨ ਕਿ ਮਾਲਿਆ ਮਾਰਚ 2016 ਤੋਂ ਨਿਯਮਿਤ ਤੌਰ ‘ਤੇ ਭਾਰਤ ਤੇ ਇੰਗਲੈਂਡ ਦਰਮਿਆਨ ਵਪਾਰਕ ਅਤੇ ਸਿਆਸੀ ਕਾਰਨਾਂ ਕਰਕੇ ਯਾਤਰਾ ਕਰਦਾ ਰਿਹਾ ਹੈ। ਉਸ ਨਾਲ ਜੁੜੀਆਂ ਕੰਪਨੀਆਂ ਯੂਨਾਈਟਿਡ ਬ੍ਰੇਵਰੀਜ਼ ਅਤੇ ਕਿੰਗਫਿਸ਼ਰ ਏਅਰਲਾਈਨਸ ਦੇ ਵਪਾਰਕ ਹਿੱਤਾਂ ਨੂੰ ਸਾਧਨ ਲਈ ਉਹ ਇਹ ਯਾਤਰਾਵਾਂ ਕਰਦਾ ਸੀ।
ਮਾਲਿਆ ਉਂਜ ਤਾਂ ਬਰਤਾਨੀਆ ਵਿਚ ਅਣਮਿਥੇ ਸਮੇਂ ਤਕ ਰਹਿਣ ਦਾ ਹੱਕਦਾਰ ਹੈ ਕਿਉਂਕਿ ਉਹ ਅਨਿਵਾਸੀ ਕਰਦਾਤਾ ਹੈ। ਜੱਜ ਨੇ ਇਹ ਵੀ ਸਿੱਟਾ ਕੱਢਿਆ ਕਿ ਵਪਾਰੀ ਮਾਲਿਆ ਨੇ ਸਾਫ਼ ਤੌਰ ‘ਤੇ ਕਰਨਾਟਕ ਦੀ ਅਦਾਲਤ ਦੇ ਆਦੇਸ਼ ਦਾ ਉਲੰਘਣ ਕੀਤਾ ਹੈ। ਉਸ ਨੇ ਸੰਨ 2003 ਵਿਚ ਟੀਪੂ ਸੁਲਤਾਨ ਦੀ ਇਤਿਹਾਸਕ ਤਲਵਾਰ ਨੂੰ ਨਿਲਾਮ ਕਰ ਦਿੱਤਾ। ਹਾਈ ਕੋਰਟ ਦੇ ਜੱਜ ਐਂਡਰਿਊ ਹੇਨਸ਼ਾਅ ਹਾਲਾਂਕਿ 13 ਭਾਰਤੀ ਬੈਂਕਾਂ ਦੀ ਇਸ ਗੱਲ ਨਾਲ ਘੱਟ ਸਹਿਮਤ ਲੱਗੀ ਕਿ ਮਾਲਿਆ ਦੀਆਂ ਲਗਜ਼ਰੀ ਗੱਡੀਆਂ ਅਤੇ ਕਿਸ਼ਤੀ ਅਣਐਲਾਨੀ ਜਾਇਦਾਦ ਹੈ। ਜੱਜ ਨੇ ਕਿਹਾ ਕਿ ਪਟੀਸ਼ਨਰ ਭਾਰਤੀ ਬੈਂਕਾਂ ਦਾ ਦਾਅਵਾ ਹੈ ਕਿ ਮਾਲਿਆ ਦੀਆਂ ਵੱਖ-ਵੱਖ ਆਮਦਨ ਸਰੋਤਾਂ ਤੋਂ ਹੋਰ ਜਾਇਦਾਦਾਂ ਨੂੰ ਇੰਟਰਨੈੱਟ ‘ਤੇ ਵੇਖਿਆ ਜਾ ਸਕਦਾ ਹੈ। ਇਸ ਵਿਚ ਤਿੰਨ ਯਾਚ, ਅਣਗਿਣਤ ਗੱਡੀਆਂ ਅਤੇ ਦੱਖਣੀ ਅਫ਼ਰੀਕਾ ਵਿਚ ਮਾਬੁਲਾ ਗੇਮ ਰਿਜ਼ਰਵ ਸ਼ਾਮਿਲ ਹੋਵੇਗਾ ਕਿ ਨਹੀਂ।