ਬਰਤਾਨਵੀ ਪੁਲਿਸ ਵੱਲੋਂ ਰੁਲਦਾ ਸਿੰਘ ਕਤਲ ਮਾਮਲੇ ਦੇ ਸ਼ੱਕ ’ਚ ਤਿੰਨ ਵਿਅਕਤੀ ਗਿ੍ਰਫ਼ਤਾਰ

123
Share

ਲੰਡਨ, 25 ਦਸੰਬਰ (ਪੰਜਾਬ ਮੇਲ)- ਬਰਤਾਨੀਆਂ ਪੁਲਿਸ ਨੇ ਭਾਰਤ ’ਚ ਸਾਲ 2009 ਵਿਚ ਪਟਿਆਲਾ ਵਿਖੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦੀ ਸਾਜਿਸ਼ ਦੇ ਸ਼ੱਕ ਵਿਚ ਤਿੰਨ ਬਰਤਾਨਵੀ ਸਿੱਖਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਤਿੰਨਾਂ ਨੂੰ ‘‘ਸਖਤ ਸ਼ਰਤਾਂ’’ ਤਹਿਤ ਲੰਡਨ ਦੀ ਵੈਸਟਮਿਨਸਟਰ ਮੈਜਿਸਟ੍ਰੇਟ ਦੀ ਅਦਾਲਤ ’ਚ ਜ਼ਮਾਨਤ ਮਿਲ ਗਈ। ਵੈਸਟ ਮਿਡਲੈਂਡਜ਼ ਪੁਲਿਸ ਨੇ ਬਿਆਨ ਵਿਚ ਕਿਹਾ, ‘‘ਵੈਸਟ ਮਿਡਲੈਂਡਜ਼ ਪੁਲੀਸ ਨੇ ਸੋਮਵਾਰ (21 ਦਸੰਬਰ) ਨੂੰ ਵੈਸਟਮਿਨਸਟਰ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਹਵਾਲਗੀ ਵਾਰੰਟ ਤੋਂ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ। ਬਿਆਨ ਵਿਚ ਕਿਹਾ ਗਿਆ ਹੈ, ‘‘37 ਅਤੇ 40 ਸਾਲ ਦੇ ਦੋ ਵਿਅਕਤੀਆਂ ਨੂੰ ਕਵੈਂਟਰੀ ਵਿਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ 38 ਸਾਲਾ ਵਿਅਕਤੀ ਨੂੰ ਵੁਲਵਰਹੈਂਪਟਨ ਵਿਚ ਗਿ੍ਰਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਸਾਲ 2009 ਵਿਚ ਭਾਰਤ ਵਿਚ ਕਤਲ ਦੀ ਸਾਜ਼ਿਸ਼ ਰਚਣ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ ਗਿਆ ਸੀ।’’ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਗਿ੍ਰਫਤਾਰੀਆਂ ਆਰ.ਐੱਸ.ਐੱਸ. ਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਸਾਲ 2009 ਵਿਚ ਪਟਿਆਲਾ ਵਿਖੇ ਕੀਤੇ ਕਤਲ ਸਬੰਧੀ ਕੀਤੀਆਂ ਗਈਆਂ ਹਨ। ਹੁਣ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ। ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਦਾਅਵਾ ਕੀਤਾ, ‘‘ਜੇ ਤਿੰਨਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਤਸੀਹੇ ਦਿੱਤੇ ਜਾਣਗੇ ਅਤੇ ਉਨ੍ਹਾਂ ਖਿਲਾਫ ਨਿਰਪੱਖ ਮੁਕੱਦਮੇ ਦੀ ਕੋਈ ਸੰਭਾਵਨਾ ਨਹੀਂ ਹੈ।

Share