ਬਰਗਾੜੀ ਮੋਰਚੇ ‘ਚ ਅਹਿਮ ਭੂਮਿਕਾ ਨਿਭਾਉਣ ਵਾਲਾ ਯੂਨਾਇਟਡ ਅਕਾਲੀ ਦਲ ਹੋਇਆ ਦੋਫਾੜ

ਚੰਡੀਗੜ੍ਹ, 11 ਜੁਲਾਈ (ਪੰਜਾਬ ਮੇਲ)- ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਨੂੰ ਲੈ ਕੇ ਸਰਬੱਤ ਖਾਲਸਾ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ‘ਚ ਲੰਬਾ ਸਮੇਂ ਚੱਲੇ ਮੋਰਚੇ ਦੀ ਸਮਾਪਤੀ ਤੋਂ ਬਾਅਦ ਪੈਦਾ ਵਿਵਾਦ ਦੇ ਚਲਦਿਆਂ ਗਰਮ ਖਿਆਲੀ ਵਿਚਾਰਧਾਰਾ ਵਾਲੀਆਂ ਪੰਥਕ ਜੱਥੇਬੰਦੀਆਂ ਇਕਜੁਟ ਹੋਣ ਦੀ ਥਾਂ ਫੁਟ ਦਾ ਸ਼ਿਕਾਰ ਹੋ ਰਹੀਆਂ ਹਨ। ਬਰਗਾੜੀ ਮੋਰਚੇ ‘ਚ ਅਹਿਮ ਭੂਮਿਕਾ ਨਿਭਾਉਣ ਵਾਲਾ ਯੁਨਾਇਟਡ ਅਕਾਲੀ ਦਲ ਵੀ ਅੱਜ ਦੋਫਾੜ ਹੋ ਗਿਆ ਹੈ। ਪਾਰਟੀ ਦੇ ਕਈ ਪ੍ਰਮੁੱਖ ਅਹੁਦੇਦਾਰਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆਗੂਆਂ ਨੇ ਅੱਜ ਚੰਡੀਗੜ੍ਹ ‘ਚ ਮੀਟਿੰਗ ਕਰਕੇ ਭਾਈ ਮੋਹਕਮ ਸਿੰਘ ਨੂੰ ਯੂਨਾਇਟਡ ਅਕਾਲੀ ਦਲ ਦੇ ਪ੍ਰਧਾਨ ਦੇ ਪਦ ਤੋਂ ਹਟਾਕੇ ਉਨ੍ਹਾਂ ਦੀ ਥਾਂ ਸੀਨੀਅਰ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਨਵਾਂ ਪ੍ਰਧਾਨ ਚੁਣ ਲਿਆ ਹੈ। ਇਸੇ ਦੌਰਾਨ ਭਾਈ ਮੋਹਕਮ ਸਿੰਘ ਨੇ ਇਸ ਚੋਣ ਨੂੰ ਅਣਅਧਿਕਾਰਿਕ ਦੱਸਦਿਆਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇਕਜੁਟ ਹੈ।
ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੋਹਕਮ ਸਿੰਘ ਵਿਰੋਧੀ ਗਰੁੱਪ ਨਾਲ ਸੰਬੰਧਿਤ ਇਕੱਠੇ ਹੋਏ ਆਗੂਆਂ ਵੱਲੋਂ ਨਵਾਂ ਪ੍ਰਧਾਨ ਚੁਣਨ ਤੋਂ ਬਾਅਦ ਆਪਣੇ ਭਵਿੱਖ ਦੇ ਪ੍ਰੋਗਰਾਮ ਬਾਰੇ ਵੀ ਐਲਾਨ ਕਰ ਦਿੱਤਾ ਹੈ। ਬੇਅਦਬੀ ਤੇ ਗੋਲੀਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਜੇਲ੍ਹਾਂ ‘ਚ ਬੰਦ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਜਾਵੇਗਾ। ਐੱਸ.ਜੀ.ਪੀ.ਸੀ. ਚੋਣਾਂ ਲੜਨ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਮੌਕੇ ਮੌਜੂਦ ਪਾਰਟੀ ਦੇ ਸੀਨੀਅਰ ਆਗੂ ਜੱਥੇਦਾਰ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ 6 ਸਾਲ ਤੋਂ ਪਾਰਟੀ ਦੀ ਚੋਣ ਨਹੀਂ ਹੋਈ ਜਦਕਿ ਨਿਯਮਾਂ ਅਨੁਸਾਰ 2 ਸਾਲ ਹੋਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਭਾਈ ਮੋਹਕਮ ਸਿੰਘ ਨੂੰ ਵਾਰ-ਵਾਰ ਕਹੇ ਜਾਣ ‘ਤੇ ਉਨ੍ਹਾਂ ਨੇ ਚੋਣ ਨਹੀਂ ਕਰਵਾਈ ਜਿਸ ਕਾਰਨ ਪਾਰਟੀ ਦੇ ਬਹੁ ਗਿਣਤੀ ਮੈਂਬਰਾਂ ਦੀ ਸਲਾਹ ਲੈਕੇ ਹੀ ਅੱਜ ਦਾ ਚੋਣ ਇਜਲਾਸ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪਿੰਡ ਪੱਧਰ ਤੱਕ ਸਥਾਪਿਤ ਕੀਤਾ ਜਾਵੇਗਾ। ਜਿਸ ਵੱਲ ਪਿਛਲੇ ਸਮੇਂ ‘ਚ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਬਹੁ ਗਿਣਤੀ ਆਗੂ ਤੇ ਮੈਂਬਰ ਭਾਈ ਗੁਰਦੀਪ ਸਿੰਘ ਨਾਲ ਸਹਿਮਤ ਹਨ। ਭਾਈ ਗੁਰਦੀਪ ਸਿੰਘ ਪ੍ਰਧਾਨ ਚੁਣਨ ਤੋਂ ਇਲਾਵਾ ਸੀਨੀਅਰ ਆਗੂ ਜਤਿੰਦਰ ਸਿੰਘ ਈਸੜੂ ਨੂੰ ਸਕੱਤਰ ਜਨਰਲ, ਗੁਰਨਾਮ ਸਿੰਘ ਸਿੱਧੂ, ਡਾ. ਅਨਵਰ ਅਹਿਮਦ, ਸੀਤਾਰਾਮ, ਬਹਾਦਰ ਸਿੰਘ ਰਾਹੋਂ ਨੂੰ ਸੀਨੀਅਰ ਉਪ ਪ੍ਰਧਾਨ, ਕੁਲਵੰਤ ਸਿੰਘ, ਜਸਵੰਤ ਸਿੰਘ ਘੋਲੀਆ, ਭਾਈ ਕੁਲਵਿੰਦਰ ਸਿੰਘ ਤੇ ਸੁਖਜੀਤ ਸਿੰਘ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਬਾਬਾ ਚਮਕੌਰ ਸਿੰਘ ਭਾਈਰੂਪਾ ਨੂੰ ਧਾਰਮਿਕ ਵਿੰਗ ਦਾ ਮੁਖੀ ਨਾਮਜ਼ਦ ਕਰਨ ਤੋਂ ਇਲਾਵਾ ਬਾਕੀ ਅਹੁਦੇਦਾਰਾਂ ਅਤੇ ਕੋਰ ਕਮੇਟੀ ਦਾ ਜਲਦੀ ਐਲਾਨ ਕਰ ਦਿੱਤਾ ਜਾਵੇਗਾ।

ਵੱਖਰੀ ਮੀਟਿੰਗ ਨਾਲ ਗਲਤ ਸੰਦੇਸ਼ ਜਾਵੇਗਾ : ਭਾਈ ਮੋਹਕਮ ਸਿੰਘ
ਇਸੇ ਦੌਰਾਨ ਅੱਜ ਚੰਡੀਗੜ੍ਹ ਵਿਚ ਯੂਨਾਈਟਿਡ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਵੱਖਰੀ ਮੀਟਿੰਗ ਸੱਦਕੇ ਕੀਤੀ ਗਈ ਚੋਣ ਪ੍ਰਤੀਕਿਰਿਆ ਦਿੰਦਿਆਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਵੱਖਰੀ ਮੀਟਿੰਗ ਕਰਨ ਨਾਲ ਸਿੱਖ ਭਾਈਚਾਰੇ ‘ਚ ਗਲਤ ਸੰਦੇਸ਼ ਜਾਵੇਗਾ। ਜਦਕਿ ਇਸ ਸਮੇਂ ਸਮੁੱਚੀਆਂ ਪੰਥਕ ਧਿਰਾਂ ਦੇ ਏਕੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੁਝ ਆਗੂਆਂ ਵੱਲੋਂ ਕੀਤੀ ਗਈ ਚੋਣ ਮੀਟਿੰਗ ਅਣਅਧਿਕਾਰਿਤ ਹੈ ਅਤੇ ਪਾਰਟੀ ਪੂਰੀ ਤਰ੍ਹਾਂ ਇਕਜੁਟ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਅੰਮ੍ਰਿਤਸਰ ‘ਚ ਪਾਰਟੀ ਦੀ ਮੀਟਿੰਗ ਸੱਦਕੇ ਸਾਰੇ ਮਾਮਲੇ ਬਾਰੇ ਵਿਚਾਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਭਾਈ ਗੁਰਦੀਪ ਸਿੰਘ ਨੂੰ ਪ੍ਰਧਾਨ ਬਣਨ ਦੀ ਹੀ ਇੱਛਾ ਹੀ ਸੀ ਤਾਂ ਉਹ ਉਨ੍ਹਾਂ ਨੂੰ ਦੱਸ ਦਿੰਦੇ ਪਰ ਇਸ ਤਰ੍ਹਾਂ ਵੱਖਰੀ ਮੀਟਿੰਗ ਕਰਕੇ ਠੀਕ ਨਹੀਂ ਕੀਤਾ।