ਬਰਗਾੜੀ ਕਾਂਡ ’ਚ ਗ੍ਰਿਫ਼ਤਾਰ ਸਕੇ ਭਰਾਵਾਂ ਨੂੰ ਮਿਲੇ ਵਕੀਲ

ਫ਼ਰੀਦਕੋਟ, 24 ਅਕਤੂਬਰ (ਪੰਜਾਬ ਮੇਲ)- ਫ਼ਰੀਦਕੋਟ ਪੁਲੀਸ ਵੱਲੋਂ ਬਰਗਾੜੀ ਕਾਂਡ ਵਿੱਚ ਪਿੰਡ ਪੰਜਗਰਾਂਈ ਖੁਰਦ ਦੇ ਗ੍ਰਿਫਤਾਰ ਕੀਤੇ ਗਏ ਸਕੇ ਭਰਾਵਾਂ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਅੱਜ ਉਨ੍ਹਾਂ ਦੇ ਵਕੀਲ ਸ਼ਿਵਕਰਤਾਰ ਸਿੰਘ ਸੇਖੋਂ ਅਤੇ ਐਚ.ਐਸ. ਫੂਲਕਾ ਮਿਲੇ। ਸਕੇ ਭਰਾਵਾਂ ਦੇ ਵਕੀਲਾਂ ਨੇ ਜੁਡੀਸ਼ੀਅਲ ਮੈਜਿਸਟਰੇਟ ਸ਼ਵਿਤਾ ਦਾਸ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਕਿ ਪੁਲੀਸ ਰਿਮਾਂਡ ਦੌਰਾਨ ਉਨ੍ਹਾਂ ਨੂੰ ਆਪਣੇ ਮੁਵੱਕਿਲਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਜਾਂਚ ਏਜੰਸੀਆਂ ਨੂੰ ਆਦੇਸ਼ ਦਿੱਤਾ ਹੈ ਕਿ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਉਨ੍ਹਾਂ ਦੇ ਵਕੀਲਾਂ ਨਾਲ ਮਿਲਣ ਦੀ ਆਗਿਆ ਦਿੱਤੀ ਜਾਵੇ। ਵਕੀਲਾਂ ਨੇ ਮੁਲਾਕਾਤ ਤੋਂ ਬਾਅਦ ਅਦਾਲਤ ਵਿੱਚ ਅਰਜ਼ੀ ਦੇ ਕੇ ਦਾਅਵਾ ਕੀਤਾ ਹੈ ਕਿ ਰੁਪਿੰਦਰ ਦੀ ਹਾਲਤ ਨਾਜ਼ੁਕ ਹੈ ਕਿਉਂਕਿ ਪੁਲੀਸ ਲਾਠੀਚਾਰਜ ਦੌਰਾਨ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਸੱਟ ਵੱਜ ਗਈ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਨਾਲ ਹੀ ਰੁਪਿੰਦਰ ਸਿੰਘ ਦਾ ਮੈਡੀਕਲ ਕਰਨ ਵਾਲੇ ਡਾਕਟਰਾਂ ਨੂੰ ਤਲਬ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਪੰਜਾਬ ਸਰਕਾਰ ਨੇ ਰੁਪਿੰਦਰ ਦੇ ਕਿਸੇ ਵੱਡੇ ਹਸਪਤਾਲ ਵਿੱਚੋਂ ਇਲਾਜ ਕਰਵਾਉਣ ਦੇ ਦਾਅਵੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਸ ਦਾ ਪਹਿਲਾਂ ਹੀ ਅਪੋਲੋ ਹਸਪਤਾਲ ਵਿੱਚੋਂ ਇਲਾਜ ਹੋ ਚੁੱਕਾ ਹੈ ਅਤੇ ਹਸਪਤਾਲ ਵੱਲੋਂ ਜਾਰੀ ਰਿਪਰੋਟਾਂ ਅਨੁਸਾਰ ਰੁਪਿੰਦਰ ਦੀ ਰੀੜ੍ਹ ਦੀ ਹੱਡੀ ਵਿੱਚ ਕੋਈ ਗੰਭੀਰ ਨੁਕਸ ਨਹੀਂ ਹੈ। ਅਦਾਲਤ ਨੇ ਜਾਂਚ ਕਰਨ ਤੋਂ ਬਾਅਦ ਹਾਲ ਦੀ ਘੜੀ ਵੱਡੇ ਹਸਪਤਾਲ ਵਿੱਚੋਂ ਇਲਾਜ ਕਰਵਾਉਣ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ ਜਾਂਚ ਏਜੰਸੀਆਂ ਪੁੱਛ ਪੜਤਾਲ ਲਈ ਰੁਪਿੰਦਰ ਨੂੰ ਸ਼ਹਿਰੋਂ ਬਾਹਰ ਲੈ ਗਈਆਂ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੜਤਾਲ ਕਰ ਰਹੇ ਪੁਲੀਸ ਅਧਿਕਾਰੀਆਂ ਨੇ ਦੋਵਾਂ ਭਰਾਵਾਂ ਨੂੰ ਉੱਚ ਪੁਲੀਸ ਅਧਿਕਾਰੀਆਂ ਸਾਹਮਣੇ ਪੇਸ਼ ਕੀਤਾ ਹੈ ਅਤੇ ਉਨ੍ਹਾਂ ਨੇ ਵੀ ਇਸ ਮਾਮਲੇ ਵਿੱਚ ਦੋਵਾਂ ਭਰਾਵਾਂ ਤੋਂ ਪੜਤਾਲ ਕੀਤੀ ਹੈ। ਪੁਲੀਸ ਨੂੰ ਲੰਮੀ ਜੱਦੋ ਜਹਿਦ ਤੋਂ ਬਾਅਦ ਵੀ ਦੋਵਾਂ ਭਰਾਵਾਂ ਖਿਲਾਫ ਕਾਲ ਡਿਟੇਲਾਂ ਤੋਂ ਇਲਾਵਾ ਕੋਈ ਹੋਰ ਵੱਡੀ ਸਫਲਤਾ ਨਹੀਂ ਮਿਲੀ ਹੈ। ਦੋਵਾਂ ਭਰਾਵਾਂ ਦੀ ਗ੍ਰਿਫਤਾਰੀ ਪੁਲੀਸ ਲਈ ਗਲੇ ਦੀ ਹੱਡੀ ਬਣੀ ਹੋਈ ਹੈ। ਐਤਵਾਰ ਨੂੰ ਇਸ ਕਾਂਡ ਵਿੱਚ ਸ਼ਹੀਦ ਹੋਏ ਨੌਜਵਾਨਾਂ ਦੀ ਅੰਤਿਮ ਅਰਦਾਸ ਹੈ ਜਿਸ ਕਰਕੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਸੂਤਰਾਂ ਅਨੁਸਾਰ ਜੇਕਰ ਇਨ੍ਹਾਂ ਸਕੇ ਭਰਾਵਾਂ ਖਿਲਾਫ ਹੋਰ ਦਸਤਾਵੇਜ਼ੀ ਸਬੂਤ ਨਹੀਂ ਮਿਲਦੇ ਤਾਂ ਸਰਕਾਰ ਇਨ੍ਹਾਂ ਭਰਾਵਾਂ ਬਾਰੇ ਭੋਗ ਪੈਣ ਤੋਂ ਪਹਿਲਾਂ ਕੋਈ ਫੈਸਲਾ ਲੈ ਸਕਦੀ ਹੈ।
There are no comments at the moment, do you want to add one?
Write a comment