ਬਠਿੰਡਾ, 6 ਮਾਰਚ (ਪੰਜਾਬ ਮੇਲ)- ਦੁਨੀਆ ਭਰ ’ਚ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਸ ਨੇ ਹੁਣ ਬਠਿੰਡਾ ’ਚ ਵੀ ਦਸਤਕ ਦੇ ਦਿੱਤੀ ਹੈ। ਸਿਵਲ ਹਸਪਤਾਲ ਬਠਿੰਡਾ ’ਚ ਵੀਰਵਾਰ ਦੁਪਹਿਰ ਨੂੰ ਇਕ ਸ਼ੱਕੀ ਮਰੀਜ਼ ਨੂੰ ਦਾਖਲ ਕੀਤਾ ਗਿਆ, ਜਿਸ ਨੂੰ ਵਿਸ਼ੇਸ਼ ਨਿਗਰਾਨੀ ਵਜੋਂ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ। ਐਮਰਜੈਂਸੀ ’ਚ ਤਾਇਨਾਤ ਡਾ. ਗੁਰਮੇਲ ਦੇ ਅਨੁਸਾਰ ਉਕਤ ਮਰੀਜ਼ 2 ਦਿਨ ਪਹਿਲਾਂ ਓ. ਪੀ. ਡੀ. ’ਚ ਖਾਂਸੀ, ਜ਼ੁਕਾਮ ਦੀ ਦਵਾਈ ਲੈਣ ਆਇਆ ਸੀ ਪਰ ਉਸ ਦੇ ਬਾਅਦ ਉਸ ਨੂੰ ਤੇਜ਼ ਬੁਖਾਰ ਹੋਇਆ ਤਾਂ ਉਸ ਨੂੰ ਹਸਪਤਾਲ ਦੇ ਵਿਸ਼ੇਸ਼ ਵਾਰਡ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਰੋਗੀ ਦਾ ਟੈਸਟ ਦਿੱਲੀ ਏਮਜ਼ ਹਸਪਤਾਲ ’ਚ ਜਾਂਚ ਲਈ ਭੇਜਿਆ ਗਿਆ ਹੈ, ਜਿਸ ਦੀ ਰਿਪੋਰਟ 2-3 ਦਿਨਾਂ ’ਚ ਆਉਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਪਿੰਡ ਸੇਮਾ ਦਾ ਰਹਿਣ ਵਾਲਾ ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਮਲੇਸ਼ੀਆ ਤੋਂ ਵਾਪਸ ਆਇਆ ਸੀ, ਜਿਸ ’ਤੇ ਉਸ ਦਿਨ ਤੋਂ ਹੀ ਨਜ਼ਰ ਰੱਖੀ ਜਾ ਰਹੀ ਸੀ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੇ ਆਉਣ ਨਾਲ ਸਿਹਤ ਵਿਭਾਗ ’ਚ ਹੜਕੰਪ ਮਚ ਗਿਆ। ਉਕਤ ਸ਼ੱਕੀ ਦੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟ ਆਉਣ ਦੇ ਬਾਅਦ ਹੀ ਪੁਸ਼ਟੀ ਹੋਵੇਗੀ ਕਿ ਉਸ ਨੂੰ ਕੋਰੋਨਾ ਵਾਇਰਸ ਹੈ ਜਾਂ ਨਹੀਂ।