ਫੋਰਬਸ ਵੱਲੋਂ ਜਾਰੀ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ‘ਚ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਪਹਿਲੇ ਨੰਬਰ ‘ਤੇ

* ਪ੍ਰਿਯੰਕਾ ਚੋਪੜਾ ਤੇ ਇਵਾਂਕਾ ਟਰੰਪ ਦਾ ਵੀ ਨਾਂ ਸ਼ਾਮਲ
ਨਿਊਯਾਰਕ, 3 ਨਵੰਬਰ (ਪੰਜਾਬ ਮੇਲ)- ਆਈ.ਸੀ.ਆਈ.ਸੀ.ਆਈ. ਬੈਂਕ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਚੰਦਾ ਕੋਚਰ ਅਤੇ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਸਮੇਤ 5 ਭਾਰਤੀ ਔਰਤਾਂ ਫੋਰਬਸ ਦੀ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ‘ਚ ਥਾਂ ਬਣਾਉਣ ‘ਚ ਸਫਲ ਰਹੀਆਂ ਹਨ। ਇਸ ਸੂਚੀ ‘ਚ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਪਹਿਲੇ ਨੰਬਰ ‘ਤੇ ਹੈ। ਐਂਜੇਲਾ ਤੋਂ ਬਾਅਦ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੂਜੇ ਮੰਬਰ ‘ਤੇ ਹੈ। ਮੇਅ ਤੋਂ ਬਾਅਦ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੀ ਸਹਿ-ਚੇਅਰਮੈਨ ਮੇਲਿੰਡਾ ਗੇਟਸ ਤੀਜੇ ਨੰਬਰ ‘ਤੇ ਹੈ। ਫੇਸਬੁੱਕ ਦੀ ਮੁੱਖ ਪਰਿਚਾਲਨ ਅਧਿਕਾਰੀ (ਸੀ. ਓ. ਓ.) ਸ਼ਿਰਲਨ ਸੈਂਡਬਰਗ ਚੌਥੇ ਅਤੇ ਜੀ. ਐੱਮ. ਦੀ ਸੀ. ਈ. ਓ. ਮੈਰੀ ਬਾਰਾ ਪੰਜਵੇਂ ਨੰਬਰ ‘ਤੇ ਹੈ। ਇਸ ਵਾਰ ਸੂਚੀ ਵਿਚ 23 ਔਰਤਾਂ ਪਹਿਲੀ ਵਾਰ ਸ਼ਾਮਲ ਹੋਈਆਂ ਹਨ। ਸੂਚੀ ਵਿਚ ਜੋ ਹੋਰ ਭਾਰਤੀ ਮੂਲ ਦੀਆਂ ਔਰਤਾਂ ਸ਼ਾਮਲ ਹਨ, ਉਨ੍ਹਾਂ ਵਿਚ ਪੈਪਸੀਕੋ ਦੀ ਸੀ. ਈ. ਓ. ਇੰਦਰਾ ਨੂਈ 11ਵੇਂ ਨੰਬਰ ‘ਤੇ ਅਤੇ ਭਾਰਤੀ-ਅਮਰੀਕੀ ਨਿੱਕੀ ਹੈਲੀ 43ਵੇਂ ਨੰਬਰ ‘ਤੇ ਹੈ।
ਇਸ ਸੂਚੀ ਵਿਚ ਚੰਦਾ ਕੋਚਰ 32ਵੇਂ ਅਤੇ ਐੱਚ. ਸੀ. ਐੱਲ. ਕਾਰਪੋਰੇਸ਼ਨ ਦੀ ਸੀ. ਈ. ਓ. ਰੋਸ਼ਨੀ ਨਾਦਰ ਮਲਹੋਤਰਾ 57ਵੇਂ ਨੰਬਰ ਅਤੇ ਬਾਇਓਕੋਨ ਦੀ ਸੰਸਥਾਪਕ ਚੇਅਰਮੈਨ ਕਿਰਨ ਮਜੂਮਦਾਰ ਸ਼ਾਅ 71ਵੇਂ ਨੰਬਰ ‘ਤੇ ਹੈ। ਹਿੰਦੁਸਤਾਨ ਟਾਈਮਜ਼ ਮੀਡੀਆ ਲਿਮਟਿਡ ਦੀ ਚੇਅਰਪਰਸਨ ਸ਼ੋਭਨਾ ਭਰਤੀਆ 92ਵੇਂ ਅਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ 97ਵੇਂ ਨੰਬਰ ‘ਤੇ ਹੈ।
ਖਾਸ ਗੱਲ ਇਹ ਹੈ ਕਿ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਲਗਾਤਾਰ 7ਵੀਂ ਵਾਰ ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਕਾਇਮ ਹੈ ਅਤੇ ਕੁੱਲ ਮਿਲਾ ਕੇ 12 ਵਾਰ ਉਹ ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਂਕਾ ਟਰੰਪ 19ਵੇਂ ਨੰਬਰ ‘ਤੇ ਹੈ। ਇਹ ਸੂਚੀ ਇਨ੍ਹਾਂ ਔਰਤਾਂ ਕੋਲ ਧਨ, ਮੀਡੀਆ ਵਿਚ ਹਾਜ਼ਰੀ, ਪ੍ਰਭਾਵ ਆਦਿ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ।