ਫੈਡਰਲ ਜੱਜ ਵੱਲੋਂ ਅਮਰੀਕੀ ਇਮੀਗ੍ਰੇਸ਼ਨ ਜੇਲ੍ਹਾਂ ‘ਚ ਮਾਂ-ਪਿਓ ਨਾਲ ਬੰਦ ਬੱਚਿਆਂ ਨੂੰ ਛੱਡਣ ਦੇ ਆਦੇਸ਼

514
Share

ਹਿਊਸਟਨ, 28 ਜੂਨ (ਪੰਜਾਬ ਮੇਲ)- ਇਕ ਫੈਡਰਲ ਜੱਜ ਨੇ ਸ਼ੁੱਕਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਜੇਲ੍ਹਾਂ ‘ਚ ਆਪਣੇ ਮਾਂ-ਪਿਓ ਨਾਲ ਬੰਦ ਬੱਚਿਆਂ ਨੂੰ ਛੱਡੇ ਜਾਣ ਦਾ ਆਦੇਸ਼ ਦਿੱਤਾ ਅਤੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਪਰਿਵਾਰਾਂ ਨੂੰ ਇੰਨੇ ਲੰਬੇ ਤੱਕ ਹਿਰਾਸਤ ‘ਚ ਰੱਖਣ ਲਈ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕੀਤੀ। ਅਮਰੀਕੀ ਜ਼ਿਲਾ ਜੱਜ ਡਾਲੀ ਗੀ ਦਾ ਆਦੇਸ਼ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫਾਰਸਮੈਂਟ (ਆਈ.ਸੀ.ਈ.) ਵੱਲੋਂ ਟੈਕਸਾਸ ਅਤੇ ਪੈਨਸਿਲਵੇਨੀਆ ਵਿਚ ਸੰਚਾਲਿਤ 3 ਪਰਿਵਾਰ ਹਿਰਾਸਤ ਕੇਂਦਰਾਂ ‘ਚ 20 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਵਾਲੇ ਬੱਚਿਆਂ ‘ਤੇ ਲਾਗੂ ਹੁੰਦਾ ਹੈ। ਕੁਝ ਬੱਚੇ ਤਾਂ ਪਿਛਲੇ ਸਾਲ ਤੋਂ ਇਨ੍ਹਾਂ ਕੇਂਦਰਾਂ ਵਿਚ ਹਨ।
3 ਕੇਂਦਰਾਂ ਵਿਚੋਂ 2 ਵਿਚ ਹਾਲ ਹੀ ਵਿਚ ਕੋਰੋਨਾਵਾਇਰਸ ਫੈਲਣ ਦਾ ਜ਼ਿਕਰ ਕਰਦੇ ਹੋਏ ਜੱਜ ਨੇ ਬੱਚਿਆਂ ਨੂੰ ਜਾਂ ਤਾਂ ਉਨ੍ਹਾਂ ਦੇ ਮਾਂ-ਪਿਓ ਨਾਲ ਛੱਡਣ ਅਤੇ ਪਰਿਵਾਰਕ ਪ੍ਰਾਯੋਜਕ (ਸਪਾਂਸਰਾਂ) ਕੋਲ ਭੇਜਣ ਲਈ 17 ਜੁਲਾਈ ਦੀ ਸਮਾਂ ਸੀਮਾ ਤੈਅ ਕੀਤੀ। ਉਨ੍ਹਾਂ ਲਿੱਖਿਆ ਕਿ ਹੁਣ ਅੱਧੇ-ਅਧੂਰੇ ਉਪਾਅ ਲਈ ਸਮਾਂ ਨਹੀਂ ਹੈ। ਆਈ.ਸੀ.ਈ. ਨੇ ਮਈ ਵਿਚ ਆਖਿਆ ਸੀ ਕਿ ਉਸ ਦੇ 3 ਹਿਰਾਸਤ ਕੇਂਦਰਾਂ ‘ਚ 184 ਬੱਚੇ ਹਨ।


Share