ਫੁੱਲਾਂ ਦੇ ਨਾਲ ਕੰਡੇ: ਨਿਊਜ਼ੀਲੈਂਡ ਦੀਆਂ ਸਾਰੀਆਂ ਜੇਲ੍ਹ ਭਰੀਆਂ

ਜੇਲ੍ਹਾਂ ਦੀ ਸਮਰੱਥਾ ਹੈ 10,942 ਅਤੇ ਕੈਦੀ ਹੋ ਚੁੱਕੇ ਹਨ 10,492..ਨਵਿਆਂ ਨੂੰ ਰੱਖਣ ਦਾ ਫਿਕਰ ਪਿਆ
-ਆਕਲੈਂਡ ਸਾਊਥ ਵਾਲੀ ਜ਼ੇਲ੍ਹ ਹੋਰ ਕੈਦੀ ਨਹੀਂ ਝੱਲ ਸਕਦੀ..100% ਫੁੱਲ
ਆਕਲੈਂਡ, 15 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-)-ਜਿੱਥੇ ਫੁੱਲ ਉਥੇ ਕੰਡੇ ਅਕਸਰ ਸੁਣੀਦੇ ਹਨ, ਪਰ ਕਈ ਵਾਰ ਇਹ ਕੰਡੇ ਬੂਟੇ ਦੀ ਰਖਵਾਲੀ ਕਰਨ ਦੀ ਬਜਾਏ ਬੂਟਾ ਹੀ ਛਿਲ ਛੱਡਦੇ ਜਿਸ ਕਾਰਨ ਬਾਗ ਦੇ ਮਾਲੀ ਦਾ ਦੁਖੀ ਹੋਣਾ ਕੁਦਰਤੀ ਹੈ। ਨਿਊਜ਼ੀਲੈਂਡ ਵੀ ਇਕ ਸੋਹਣਾ ਬੂਟਾ ਸੀ, ਪਰ ਇਥੇ ਵਧਦੇ ਅਪਰਾਧ ਨੇ ਜਿੱਥੇ ਨਿਊਜ਼ੀਲੈਂਡਰਾਂ ਦਾ ਜੀਵਨ ਕਿਰਕਿਰਾ ਕੀਤਾ ਹੈ ਉਥੇ ਦੇਸ਼ ਚਲਾਉਣ ਵਾਲੀਆਂ ਸਰਕਾਰਾਂ ਵੀ ਔਖੀਆਂ ਹਨ। ਹੁਣ ਇਕ ਰਿਪੋਰਟ ਆਈ ਹੈ ਕਿ ਦੇਸ਼ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਜ਼ੇਲ੍ਹਾਂ ਭਰ ਚੁੱਕੀਆਂ ਹਨ। ਪੂਰੇ ਦੇਸ਼ ਦੇ ਵਿਚ 10,942 ਕੈਦੀਆਂ ਨੂੰ ਰੱਖਣ ਦੀ ਥਾਂ ਰਜਿਸਟਰ ਹੈ ਅਤੇ ਇਸ ਵੇਲੇ ਇਹ ਸੰਖਿਆ ਬਿਲਕੁਲ ਨੇੜੇ 10,492 ਤੱਕ ਜਾ ਚੁੱਕੀ ਹੈ। ਇਸ ਦੀ ਗਿਣਤੀ ਰੋਜ਼ਾਨਾ ਅਦਾਲਤੀ ਫੈਸਲਿਆਂ ਦੇ ਨਾਲ-ਨਾਲ ਵਧਦੀ ਜਾ ਰਹੀ ਹੈ। ਮਈ ਮਹੀਨੇ ਦੇ ਵਿਚ ਇਕ ਦਿਨ ਇਹ ਗਿਣਤੀ 10,570 ਵੀ ਨੋਟ ਕੀਤੀ ਗਈ ਹੈ। ਦਿਨ ਬ ਦਿਨ ਇਹ ਗਿਣਤੀ ਥੋੜ੍ਹੀ ਘਟਦੀ ਵਧਦੀ ਰਹਿੰਦੀ ਹੈ। ਬਹੁਤ ਸਾਰੀਆਂ ਜ਼ੇਲ੍ਹਾਂ ਦੇ ਵਿਚ ਇਹ ਸਮਰੱਥਾ ਇਕ ਬੈਡ ਨੂੰ ਡਬਲ ਬੰਕਿੰਗ ਬੈਡ ਦੇ ਵਿਚ ਤਬਦੀਲ ਕਰਕੇ ਬਣਾਈ ਗਈ ਸੀ, ਪਰ ਇਥੇ ਵੀ ਇਕ ਦੂਜੇ ਕੈਦੀ ਉਤੇ ਜਿਨਸੀ ਹਮਲੇ ਹੋ ਰਹੇ ਹਨ। ਤਕੜਾ ਮਾੜੇ ਨਾਲ ਕੁਕਰਮ ਕਰ ਜਾਂਦਾ ਹੈ। 2016 ਦੇ ਬਾਅਦ ਕੈਦੀਆਂ ਦੀ ਗਿਣਤੀ 10,000 ਤੋਂ ਉਪਰ ਟੱਪੀ ਸੀ। 2015 ਤੋਂ ਬਾਅਦ ਕੈਦੀਆਂ ਦੀ ਗਿਣਤੀ ਵਿਚ 20% ਦਾ ਵਾਧਾ ਹੋਇਆ ਹੈ। ਨੈਸ਼ਨਲ ਸਰਕਾਰ ਵੇਲੇ ਇਕ ਨਵੀਂ ਜ਼ੇਲ੍ਹ ਜੋ ਕਿ 3000 ਬੈਡਾਂ ਵਾਲੀ ਹੋਣੀ ਸੀ, ਨੂੰ ਬਨਾਉਣ ਦੀ ਗੱਲ ਚੱਲੀ ਸੀ, ਪਰ ਮੌਜੂਦਾ ਸਰਕਾਰ ਨੇ ਅਜੇ ਇਸ ਉਤੇ ਜਿਆਦਾ ਕੰਮ ਨਹੀਂ ਕੀਤਾ। ਇਹ ਸਰਕਾਰ ਆਉਂਦੇ 15 ਸਾਲਾਂ ਦੇ ਵਿਚ ਕੈਦੀਆਂ ਦੀ ਗਿਣਤੀ 30% ਘੱਟ ਕਰਨਾ ਚਾਹੁੰਦੀ ਹੈ।
ਕ੍ਰਾਈਸਟਚਰਚ ਜ਼ੇਲ੍ਹ ਦੇ ਵਿਚ 944 ਪੁਰਸ਼ ਕੈਦੀ ਹਨ ਜਦ ਕਿ ਸਮਰੱਥਾ 940 ਦੀ ਹੈ। ਇਥੇ ਔਰਤਾਂ ਲਈ ਸਿਰਫ ਇਕ ਹੋਰ ਜਗ੍ਹਾ ਖਾਲੀ ਹੈ , ਬਾਕੀ ਭਰ ਗਈ ਹੈ। ਆਕਲੈਂਡ ਸਾਊਥ ਦੇ ਵਿਚ ਸਿਰਫ ਦੋ ਹੋਰ ਕੈਦੀਆਂ ਦੀ ਥਾਂ ਖਾਲੀ ਹੈ। ਮਾਊਂਟ ਈਡਨ ਜ਼ੇਲ੍ਹ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ। ਇਥੇ 934 ਦੇ ਕਰੀਬ ਕੈਦੀ ਤਾਂ ਰਿਮਾਂਡ ਉਤੇ ਹੀ ਹਨ। ਆਕਲੈਂਡ ਸਾਊਥ ਦੇ ਵਿਚ ਸਾਰੇ ਸਜ਼ਾ ਜਾਫਤਾ ਕੈਦੀ 958 ਹਨ ਅਤੇ ਜ਼ੇਲ੍ਹ ਪੂਰੀ 100% ਭਰ ਗਈ ਹੈ। 2012 ਦੇ ਅੰਕੜੇ ਦਸਦੇ ਹਨ ਕਿ ਕੈਦੀਆਂ ਦੇ ਵਿਚ 51% ਮਾਓਰੀ ਪੁਰਸ਼, 58% ਮਾਓਰੀ ਮਹਿਲਾਵਾਂ, 12% ਪੈਸੇਫਿਕ ਪੁਰਸ਼, 5% ਇਸਤਰੀਆਂ, ਯੂਰਪੀਅਨ 31% ਮਹਿਲਾਵਾਂ ਅਤੇ 33% ਪੁਰਸ਼ ਕੈਦੀ ਸਨ। ਏਸ਼ੀਅਨ ਲੋਕਾਂ ਦੀ ਗਿਣਤੀ ਸਿਰਫ 3% ਦੇ ਕਰੀਬ ਹੈ। ਲੋਕਾਂ ਦਾ ਮੰਨਣਾ ਹੈ ਇਥੇ ਦੀਆਂ ਜ਼ੇਲ੍ਹਾਂ ਦੇ ਵਿਚ ਰਹਿਣ-ਸਹਿਣ ਕਿਸੇ ਹੋਟਲ ਵਿਚ ਰਹਿਣ ਤੋਂ ਘੱਟ ਨਹੀਂ ਜਿਸ ਕਰਕੇ ਅਪਰਾਧੀ ਖੁਸ਼ੀ ਦੇ ਨਾਲ ਹੀ ਜ਼ੇਲ੍ਹ ਦਾ ਸਮਾਂ ਕੱਟਣਾ ਪਸੰਦ ਕਰਦੇ ਹਨ। ਨਿਊਜ਼ੀਲੈਂਡ ਦੀਆਂ ਜ਼ੇਲ੍ਹਾਂ ਦੇ ਵਿਚ ਭਾਰਤੀਆਂ ਦੀ ਗਿਣਤੀ ਵੀ ਸ਼ਾਮਿਲ ਹੈ ਅਤੇ ਕਈ ਸੰਗੀਨ ਅਪਰਾਧਾਂ ਲਈ ਸਜ਼ਾ ਕੱਟ ਰਹੇ ਹਨ।
News Pic:
NZ P93 ੧੪ May-੨
ਨਿਊਜ਼ੀਲੈਂਡ ਜ਼ੇਲ੍ਹ ਦੀ ਇਕ ਤਸਵੀਰ।