ਫਾਈਬਰ ਆਪਟਿਕ ਦੀ ਖੋਜਕਾਰ ਭਾਰਤੀ ਅਮਰੀਕੀ ਵਿਗਿਆਨੀ ਨਰਿੰਦਰ ਕਪਾਨੀ ਦਾ ਦੇਹਾਂਤ

216
Share

ਵਾਸ਼ਿੰਗਟਨ, 4 ਦਸੰਬਰ (ਪੰਜਾਬ ਮੇਲ)- ਭਾਰਤੀ-ਅਮਰੀਕੀ ਭੌਤਿਕ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਦਾ ਸ਼ੁੱਕਰਵਾਰ ਨੂੰ 94 ਸਾਲਾਂ ਦੀ ਉਮਰ ‘ਚ ਦੇਹਾਂਤ ਹੋ ਗਿਆ। ਫਾਈਬਰ ਆਪਟਿਕ ਦੇ ਪਿਤਾ ਵਜੋਂ ਜਾਣੇ ਜਾਂਦੇ ਕਪਾਨੀ ਦਾ ਜਨਮ 31 ਅਕਤੂਬਰ 1926 ਨੂੰ ਪੰਜਾਬ ਦੇ ਮੋਗਾ ‘ਚ ਇਕ ਸਿੱਖ ਪਰਿਵਾਰ ‘ਚ ਹੋਇਆ ਸੀ।
ਨਰਿੰਦਰ ਸਿੰਘ ਕਪਾਨੀ ਨੇ 1956 ‘ਚ ਪਹਿਲੀ ਵਾਰ ਫਾਈਬਰ ਆਪਟਿਕ ਸ਼ਬਦ ਦਾ ਇਜਾਦ ਕੀਤਾ ਸੀ। ਉਨ੍ਹਾਂ ਦੇ ਨਾਂ ‘ਤੇ ਫਾਈਬਰ ਆਪਟਿਕ ਕਮਿਊਨੀਕੇਸ਼ੰਸ, ਲੇਜ਼ਰ, ਬਾਇਓ-ਮੈਡੀਕਲ ਇੰਸਟੂਮੈਂਟੇਸ਼ਨ ਸੋਲਰ ਐਨਰਜੀ ਅਤੇ ਪਾਲਿਊਸ਼ਨ ਮਾਨਿਟਰਿੰਗ ਦੇ 100 ਤੋਂ ਜ਼ਿਆਦਾ ਪੇਟੈਂਟ ਹਨ। ਮਸ਼ਹੂਰ ਮੈਗਜ਼ੀਨ ਫਾਰਚੀਊਨ ਨੇ 22 ਨਵੰਬਰ 1999 ਨੂੰ ਪ੍ਰਕਾਸ਼ਤ ‘ਬਿਜ਼ਨੈੱਸਮੈਨ ਆਫ ਦਿ ਸੈਂਚੁਰੀ’ ‘ਚ ਨਰਿੰਦਰ ਸਿੰਘ ਕਪਾਨੀ ਨੂੰ ਸੱਤ ‘ਅਨਸੰਗ ਹੀਰੋਜ਼’ ‘ਚ ਸ਼ਾਮਲ ਕੀਤਾ ਸੀ।
ਨਰਿੰਦਰ ਕਪਾਨੀ ਨੇ ਲੰਡਨ ਦੇ ਇੰਪੀਰੀਅਲ ਕਾਲਜ ਤੋਂ ਆਪਟਿਕਸ ‘ਚ ਪੀ.ਐੱਚ.ਡੀ. ਦੀ ਡਿਗਰੀ ਲਈ ਸੀ। ਲੰਡਨ ਜਾਣ ਤੋਂ ਪਹਿਲਾਂ ਕਪਾਨੀ ਨੇ ਆਗਰਾ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕੀਤੀ ਸੀ। ਕਪਾਨੀ ਨੇ 100 ਤੋਂ ਜ਼ਿਆਦਾ ਸਾਇੰਟਿਫਿਕ ਪੇਪਰ ਪ੍ਰਕਾਸ਼ਤ ਕੀਤੇ ਸਨ। ਇਸ ਤੋਂ ਇਲਾਵਾ ਆਪਟੋਇਲੈਕਟ੍ਰਾਨਿਕਸ ਅਤੇ ਐਂਟਰਪ੍ਰੈਨਿਯੋਰਸ਼ਿਪ ‘ਤੇ ਉਨ੍ਹਾਂ ਨੇ 4 ਕਿਤਾਬਾਂ ਲਿਖੀਆਂ ਸਨ। ਉਨ੍ਹਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਇੰਫਿਇਕ ਸੋਸਾਇਟੀਜ਼ ‘ਚ ਲੈਕਚਰ ਦਿੱਤਾ ਸੀ। ਦਾਨਦਾਤਾ ਦੇ ਤੌਰ ‘ਤੇ ਕਪਾਨੀ ਸਿੱਖ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਸਨ। ਉਨ੍ਹਾਂ ਨੇ ਕਰੀਬ 50 ਸਾਲ ਤੱਕ ਇਸ ਫਾਉਂਡੇਸ਼ਨ ਦੀਆਂ ਪ੍ਰਮੁੱਖ ਗਤੀਵਿਧੀਆਂ ਨੂੰ ਫੰਡ ਦਿੱਤਾ। ਉਨ੍ਹਾਂ ਨੂੰ ਕਈ ਅਵਾਰਡ ਵੀ ਮਿਲੇ ਸਨ।


Share