ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

ਪਾਰਕਲੈਂਡ, 16 ਫਰਵਰੀ (ਪੰਜਾਬ ਮੇਲ)- ਫਲੋਰਿਡਾ ‘ਚ ਸਕੂਲ ਵਿਚ ਹੋਈ ਗੋਲੀਬਾਰੀ ਵਿਚ 17 ਲੋਕਾਂ ਨੇ ਅਪਣੀ ਜਾਨ ਗਵਾਈ। ਇਸ ਗੋਲੀਬਾਰੀ ਵਿਚ ਸਕੂਲ ਦੇ ਅਸਿਸਟੈਂਟ ਫੁੱਟਬਾਲ ਕੋਚ ਆਰੋਨ ਫੇਸ ਵੀ ਸਨ। ਆਰੋਨ ਸਕੂਲ ਵਿਚ ਅਸਿਸਟੈਂਟ ਫੁੱਟਬਾਲ ਕੋਚ ਦੇ ਨਾਲ ਸਕਿਓਰਿਟੀ ਗਾਰਡ ਦਾ ਵੀ ਕੰਮ ਕਰਦੇ ਸਨ। ਸਕੂਲ ਦੇ ਬੱਚਿਆਂ ਨੂੰ ਬਚਾਉਣ ਦੇ ਲਈ ਆਰੋਨ ਖੁਦ ਗੋਲੀਬਾਰੀ ਕਰਨ ਵਾਲੇ ਸ਼ਖ਼ਸ ਦੇ ਸਾਹਮਣੇ ਆ ਗਏ ਤਾਕਿ ਪਿੱਛੇ ਮੌਜੂਦ ਬੱਚਿਆਂ ਨੂੰ ਬਚਾਇਆ ਜਾ ਸਕੇ। ਗੋਲੀ ਲੱਗਣ ਦੇ ਕਾਰਨ ਬਾਅਦ ਵਿਚ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਅਥਲੈਟਿਕਸ ਕੋਚ ਕ੍ਰਿਸ ਹਿਕਸਨ ਅਤੇ ਸਟੂਡੈਂਟ ਜੈਮੀ ਗੁਟਨਬਰਗ ਉਨ ਪਹਿਲੇ 3 ਲੋਕਾਂ ਵਿਚ ਹਨ, ਜਿਨ੍ਹਾਂ ਦੀ ਪਛਾਣ ਮ੍ਰਿਤਕਾਂ ਵਿਚ ਹੋਈ। ਇਕ ਚਸ਼ਮਦੀਦ ਨੇ ਦੱਸਿਆ ਕਿ ਆਰੋਨ ਸਕੂਲ ਵਿਚ ਮੌਜੂਦ ਲੋਕਾਂ ਅਤੇ ਸਟੂਡੈਂਟਸ ਨੂੰ ਬਚਾਉਣ ਦੇ ਲਈ ਕਿਸੇ ਦੇਵਦੂਤ ਦੀ ਤਰ੍ਹਾਂ ਆ ਗਏ। ਉਹ ਗੋਲੀਆਂ ਅਤੇ ਵਿਦਿਆਰਥੀਆਂ ਦੇ ਵਿਚ ਦੀਵਾਰ ਦੀ ਤਰ੍ਹਾਂ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੇ ਕਈ ਲੋਕਾਂ ਦੀ ਜਾਨ ਬਚਾਈ।
ਡਗਲਸ ਫੁੱਟਬਾਲ ਟੀਮ ਵਲੋਂ ਜਾਰੀ ਅਧਿਕਾਰਕ ਬਿਆਨ ਵਿਚ ਕਿਹਾ ਗਿਆ ਕਿ ਅਸੀਂ ਬਹੁਤ ਦੁੱਖ ਨਾਲ ਸੂਚਿਤ ਕਰ ਰਹੇ ਹਨ ਕਿ ਆਰੋਨ ਫੇਸ਼ ਹੁਣ ਸਾਡੇ ਵਿਚ ਨਹੀਂ ਹਨ। ਉਹ ਸਾਡੇ ਅਸਿਸਟੈਂਟ ਫੁੱਟਬਾਲ ਕੋਚ ਅਤੇ ਸੁਰੱਖਿਆ ਗਾਰਡ ਸਨ। ਉਨ੍ਹਾਂ ਨੇ ਅਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਗੈਰ ਗੋਲੀਬਾਰੀ ਤੋਂ ਵਿਦਿਆਰਥੀਆਂ ਨੂੰ ਬਚਾਇਆ ਅਤੇ ਅਪਣੀ ਜਾਨ ਗੁਆ ਦਿੱਤੀ। ਇੱਕ ਹੀਰੋ ਦੀ ਤਰ੍ਹਾਂ ਉਨ੍ਹਾਂ ਨੇ ਸਾਡੀ ਰੱਖਿਆ ਕੀਤੀ। ਉਹ ਸਾਡੀ ਯਾਦਾਂ ਵਿਚ ਹਮੇਸ਼ਾ ਜ਼ਿੰਦਾ ਰਹਿਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਮਰੀਕਾ ਵਿਚ ਫਲੋਰਿਡਾ ਦੇ ਪਾਰਕਲੈਂਡ ‘ਚ ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਘੱਟੋ ਘੱਟ 17 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਜਦ ਕਿ ਕਈ ਜਣੇ ਜ਼ਖਮੀ ਹੋ ਗਏ ਹਨ। ਦੋਸ਼ੀ ਹਮਲਾਵਰ ਸਕੂਲ ਦਾ ਹੀ ਸਾਬਕਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਜਿਸ ਨੂੰ ਸਕੂਲ ਤੋਂ ਕੱਢਿਆ ਗਿਆ ਸੀ। ਦੋਸ਼ੀ ਨਿਕੋਲਸ ਨੇ ਸਕੂਲ ਵਿਚ ਫਾਇਰ ਅਲਾਰਮ ਵਜਾ ਦਿੱਤਾ। ਜਿਸ ਨੂੰ ਲੈ ਕੇ ਭਾਜੜਾਂ ਪੈ ਗਈਆਂ। ਉਸ ਤੋਂ ਬਾਅਦ ਉਸ ਨੇ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ 17 ਵਿਦਿਆਰਥੀਆਂ ਦੀ ਜਾਨ ਚਲੀ ਗਈ ਤੇ ਕਈ ਜਣੇ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਨੁਸਾਰ ਫਾਇਰਿੰਗ ਕਰਨ ਵਾਲੇ ਦਾ ਨਾਂ ਨਿਕੋਲ ਕਰੂਜ਼ ਹੈ ਜੋ ਇਸ ਸਕੂਲ ਦਾ ਵਿਦਿਆਰਥੀ ਹੈ।