ਫਰੈਂਕੋ ਮੁਲੱਕਲ ਨੂੰ ਸਖ਼ਤ ਸ਼ਰਤਾਂ ਨਾਲ ਮਿਲੀ ਜ਼ਮਾਨਤ

413
Share

ਕੋਟਾਯਮ, 7 ਅਗਸਤ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਕੇਰਲਾ ‘ਚ ਈਸਾਈ ਸਾਧਵੀ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ ਘਿਰੇ ਪਾਦਰੀ ਫਰੈਂਕੋ ਮੁਲੱਕਲ ਨੂੰ ਅੱਜ ਸਖ਼ਤ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਹੈ। ਪਾਦਰੀ ਨੂੰ ਕੇਸ ਦੀ ਸੁਣਵਾਈ ਮੌਕੇ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਅੱਜ ਵੀ ਮੁਲੱਕਲ ਅਦਾਲਤ ‘ਚ ਹਾਜ਼ਰ ਸੀ। ਅਦਾਲਤ ਨੇ ਉਸ ਨੂੰ ਜ਼ਮਾਨਤ ਦਿੰਦਿਆਂ ਹਦਾਇਤ ਕੀਤੀ ਕਿ ਉਹ 13 ਅਗਸਤ ਨੂੰ ਚਾਰਜਸ਼ੀਟ ਪੜ੍ਹੇ ਜਾਣ ਤੱਕ ਸੂਬਾ ਛੱਡ ਕੇ ਨਹੀਂ ਜਾਵੇਗਾ ਅਤੇ ਕੇਸ ਦੀ ਹਰ ਤਰੀਕ ‘ਤੇ ਉਸ ਨੂੰ ਅਦਾਲਤ ‘ਚ ਹਾਜ਼ਰ ਰਹਿਣਾ ਪਵੇਗਾ। ਅਦਾਲਤ ਨੇ ਉਸ ਨੂੰ ਨਵੀਆਂ ਜਾਮਨੀਆਂ ਅਤੇ ਮੁਚੱਲਕੇ ਭਰਨ ਦੀ ਵੀ ਹਦਾਇਤ ਕੀਤੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਮੁਲੱਕਲ ਦੀ ਅਰਜ਼ੀ ਖਾਰਜ ਕਰਦਿਆਂ ਉਸ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਲੰਧਰ ਡਾਇਓਸਿਸ ਦੇ ਪਾਦਰੀ ਰਹੇ ਮੁਲੱਕਲ ‘ਤੇ ਦੋਸ਼ ਲੱਗਿਆ ਹੈ ਕਿ 2014 ਅਤੇ 2016 ਦਰਮਿਆਨ ਉਸ ਨੇ ਸਾਧਵੀ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ।


Share