ਫਰਿਜ਼ਨੋ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰ ਬਰਾਮਦ

235
Share

ਫਰਿਜ਼ਨੋ, 17 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਪੁਲਿਸ ਵੱਲੋਂ ਭੰਗ ਦੀ ਇੱਕ ਗੈਰ-ਕਾਨੂੰਨੀ ਡਿਸਪੈਂਸਰੀ ’ਚੋਂ ਗੈਰ-ਕਾਨੂੰਨੀ ਹਥਿਆਰ ਅਤੇ ਭੰਗ ਨਾਲ ਸਬੰਧਿਤ ਸਮਾਨ ਬਰਾਮਦ ਕੀਤਾ ਗਿਆ ਹੈ। ਫਰਿਜ਼ਨੋ ਪੁਲਿਸ ਵੱਲੋਂ ਇਸ ਸਬੰਧੀ ਸੂਚਨਾ ਮਿਲਣ ਉਪਰੰਤ ਬੀਤੇ ਹਫਤੇ ਬੁੱਧਵਾਰ ਨੂੰ ਦੋ ਸਰਚ ਵਾਰੰਟਾਂ ਨਾਲ ਇਹ ਕਾਰਵਾਈ ਕੀਤੀ ਗਈ। ਪੁਲਿਸ ਨੂੰ ਦਿੱਤੀ ਗਈ ਸੂਚਨਾ ’ਚ ਦੋਸ਼ ਲਾਇਆ ਗਿਆ ਸੀ ਕਿ ਕੁੱਝ ਗੈਂਗ ਮੈਂਬਰ ਗੈਰ-ਕਾਨੂੰਨੀ ਭੰਗ ਡਿਸਪੈਂਸਰੀ ਕਾਰੋਬਾਰ ਤੋਂ ਗੈਰ-ਕਾਨੂੰਨੀ ਹਥਿਆਰ ਵੇਚ ਰਹੇ ਸਨ।
ਕਾਰਵਾਈ ਦੌਰਾਨ ਪੁਲਿਸ ਨੇ ਇਸ ਡਿਸਪੈਂਸਰੀ ਤੋਂ 6 ਹਥਿਆਰ, ਜਿਨ੍ਹਾਂ ਵਿਚ ਉੱਚ-ਸਮਰੱਥਾ ਵਾਲੇ ਮੈਗਜ਼ੀਨਾਂ ਵਾਲੀਆਂ ਦੋ ਰਾਈਫਲਾਂ, ਉੱਚ-ਸਮਰੱਥਾ ਵਾਲੇ ਮੈਗਜ਼ੀਨਾਂ ਵਾਲੀਆਂ ਦੋ ਅਣ ਰਜਿਸਟਰਡ ਬੰਦੂਕਾਂ ਅਤੇ ਦੋ ਹੈਂਡਗਨ ਜਿਨ੍ਹਾਂ ਦੇ ਚੋਰੀ ਹੋਣ ਦੀ ਸੂਚਨਾ ਮਿਲੀ ਸੀ, ਨੂੰ ਜ਼ਬਤ ਕੀਤਾ ਹੈ। ਇਨ੍ਹਾਂ ਹਥਿਆਰਾਂ ਤੋਂ ਇਲਾਵਾ ਅਧਿਕਾਰੀਆਂ ਨੇ ਗੈਰ-ਕਾਨੂੰਨੀ ਤੌਰ ’ਤੇ ਵੇਚੇ ਜਾ ਰਹੇ ਭੰਗ ਨਾਲ ਜੁੜੇ ਹੋਰ ਉਤਪਾਦਾਂ ਦੀ ਵੱਡੀ ਸਪਲਾਈ ਵੀ ਬਰਾਮਦ ਕੀਤੀ।
ਗੈਂਗ ਦੇ ਇੱਕ 38 ਸਾਲਾ ਮੈਂਬਰ ਦੀ ਪਛਾਣ ਕਾਰੋਬਾਰ ਦੇ ਮਾਲਕ ਵਜੋਂ ਹੋਈ ਹੈ, ਜੋ ਕਿ ਸਰਚ ਵਾਰੰਟ ਦੀ ਕਾਰਵਾਈ ਦੌਰਾਨ ਨਹੀਂ ਮਿਲਿਆ ਪਰ ਪੁਲਿਸ ਦੇ ਅਨੁਸਾਰ, ਉਸ ਦੀ ਗਿ੍ਰਫਤਾਰੀ ਦਾ ਵਾਰੰਟ ਭਵਿੱਖ ’ਚ ਜਾਰੀ ਕੀਤਾ ਜਾਵੇਗਾ। ਜਦਕਿ ਇੱਕ ਹੋਰ ਵਿਅਕਤੀ ਜਿਸ ਨੂੰ ਇੱਕ ਗੈਂਗ ਦਾ ਮੈਂਬਰ ਮੰਨਿਆ ਜਾਂਦਾ ਹੈ, ਨੂੰ ਕਾਰਵਾਈ ਦੌਰਾਨ ਹਿਰਾਸਤ ਵਿਚ ਲੈ ਲਿਆ ਗਿਆ ਸੀ। ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਦੀ ਪਛਾਣ ਨਹੀਂ ਦੱਸੀ ਗਈ, ਜਦਕਿ ਇਸ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।

Share