ਫਰਿਜ਼ਨੋ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ ਦੀ ਟਰੱਕ ਹਾਦਸੇ ‘ਚ ਮੌਤ

120
Share

ਫਰਿਜ਼ਨੋ, 9 ਸੰਤਬਰ (ਨੀਟਾ/ਕੁਲਵੰਤ/ ਪੰਜਾਬ ਮੇਲ)- ਪਿਛਲੇ ਕਰੀਬ ਡੇਢ ਮਹੀਨੇ ਤੋਂ ਅਮੈਰਿਕਨ ਟਰੱਕਿੰਗ ਇੰਡਸਟਰੀ ਤੋਂ ਪੰਜਾਬੀ ਭਾਈਚਾਰੇ ਲਈ ਬੜੀਆਂ ਮਾੜੀਆਂ ਖ਼ਬਰਾਂ ਆ ਰਹੀਆਂ ਹਨ। ਅਗਸਤ ਅਤੇ ਸਤੰਬਰ ਦੇ ਮਹੀਨੇ ਹੁਣ ਤੱਕ ਅਮਰੀਕਾ ਦੀਆਂ ਸੜਕਾਂ ‘ਤੇ ਤਕਰੀਬਨ ਚਾਰ-ਪੰਜ ਪੰਜਾਬੀ ਟਰੱਕ ਡਰਾਈਵਰ ਐਕਸੀਡੈਂਟ ਦੌਰਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। 5 ਸਤੰਬਰ ਨੂੰ ਨਿਊ-ਮੈਕਸੀਕੋ ਸਟੇਟ ‘ਚ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ 112 ਦੇ ਲਾਗੇ ਭਿਆਨਕ ਟਰੱਕ ਹਾਦਸਾ ਵਾਪਰ ਗਿਆ, ਜਿਸ ਵਿਚ ਫਰਿਜ਼ਨੋ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ (45) ਦੀ ਥਾਂ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫਰੀਵੇਅ 40 ‘ਤੇ ਰੋਡ ਵਰਕ ਕਾਰਨ ਟ੍ਰੈਫ਼ਿਕ ਰੁਕਿਆ ਹੋਇਆ ਸੀ। ਸੁਖਵਿੰਦਰ ਸਿੰਘ ਟਿਵਾਣਾ ਆਪਣਾ ਟਰੱਕ ਰੋਕਣ ਵਿਚ ਅਸਫਲ ਰਹੇ ਤੇ ਅੱਗੇ ਖੜ੍ਹੇ ਟ੍ਰੇਲਰ ਦੇ ਪਿਛਲੇ ਪਾਸੇ ਜਾ ਟਕਰਾਏ ਅਤੇ ਟਰੱਕ ਸਾਈਡ ਨੂੰ ਡਿੱਗ ਗਿਆ ‘ਤੇ ਟਰੱਕ ਦੇ ਡੀਜ਼ਲ ਟੈਂਕ ਫਟਣ ਕਾਰਨ ਟਰੱਕ ਨੂੰ ਭਿਆਨਕ ਅੱਗ ਦੀਆਂ ਲਪਟਾਂ ਨੇ ਆਪਣੇ ਕਲਾਵੇ ‘ਚ ਲੈ ਲਿਆ। ਸੁਖਵਿੰਦਰ ਸਿੰਘ ਟਿਵਾਣਾ ਸਟੇਅਰਿੰਗ ਵ੍ਹੀਲ ਅਤੇ ਸੀਟ ਦੇ ਵਿਚਕਾਰ ਫਸ ਗਏ ਤੇ ਜਿਉਂਦੇ ਹੀ ਅੱਗ ਵਿਚ ਮੱਚ ਕੇ ਰੱਬ ਨੂੰ ਪਿਆਰੇ ਹੋ ਗਏ। ਸੁਖਵਿੰਦਰ ਸਿੰਘ ਟਿਵਾਣਾ ਪਿਛਲੇ 18-19 ਸਾਲ ਤੋਂ ਟਰੱਕਿੰਗ ਬਿਜ਼ਨਸ ਵਿਚ ਸਨ ਅਤੇ ਤਿੰਨ ਕੁ ਟਰੱਕਾਂ ਦੀ ਛੋਟੀ ਕੰਪਨੀ ‘ਜੋਤ ਟਰੱਕਿੰਗ’ ਚਲਾ ਰਹੇ ਸਨ। ਹਾਦਸੇ ਵਾਲੇ ਦਿਨ ਉਹ ਖੁਦ ਟਰੱਕ ‘ਤੇ ਲੋਡ ਲੈ ਕੇ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਸੁਖਵਿੰਦਰ ਸਿੰਘ ਟਿਵਾਣਾ ਆਪਣੇ ਪਿੱਛੇ ਆਪਣਾ ਬੁੱਢੇ ਮਾਂ-ਬਾਪ, ਪਤਨੀ, ਦੋ ਬੇਟੇ ਅਤੇ ਇੱਕ ਬੇਟੀ ਛੱਡ ਗਏ ਹਨ। ਸੁਣਨ ਵਿਚ ਆਇਆ ਕਿ ਉਨ੍ਹਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਨਾਲ ਸਬੰਧਤ ਸੀ ਤੇ ਉਹ ਪਿਛਲੇ 25-26 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਇਸ ਮੰਦਭਾਗੀ ਖ਼ਬਰ ਕਾਰਨ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿਚ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪ੍ਰਦੀਪ ਸਿੰਘ ਤੂਰ (559) 681-0020 ਜਾਂ ਜਗਦੇਵ ਸਿੰਘ ਬਰਾੜ ਨਾਲ 559-260-3445 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


Share